23 ਤੇ 24 ਨੂੰ ਪੋਲਿੰਗ ਬੂਥਾਂ ‘ਤੇ ਵੋਟਰ ਸੂਚੀ ਦੀ ਸੁਧਾਈ ਤਹਿਤ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 22 ਨਵੰਬਰ 2024 : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2025 ਦੇ ਆਧਾਰ ‘ਤੇ ਵੋਟਰ ਸੂਚੀ ਦੀ ਸੁਧਾਈ ਦੇ ਪ੍ਰੋਗਰਾਮ ਤਹਿਤ ਵਿਸ਼ੇਸ਼ ਕੈਂਪ 23.11.2024 (ਸ਼ਨੀਵਾਰ) ਅਤੇ 24.11.2024 (ਐਤਵਾਰ) ਨੂੰ (ਵਿਧਾਨ ਸਭਾ ਹਲਕਾ 044-ਚੱਬੇਵਾਲ ਨੂੰ ਛੱਡ ਕੇ) ਆਯੋਜਿਤ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਬੰਧਤ ਪੋਲਿੰਗ ਬੂਥਾਂ ‘ਤੇ ਹਾਜ਼ਰ ਰਹਿਣਗੇ ਅਤੇ ਯੋਗਤਾ ਮਿਤੀ 01.01.2025 ਅਨੁਸਾਰ ਯੋਗ ਵਿਅਕਤੀਆਂ ਤੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ) ਅਤੇ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਕੂਲ/ਦਫ਼ਤਰ ਦੀਆਂ ਇਮਾਰਤਾਂ ਵਿੱਚ ਸਥਿਤ ਪੋਲਿੰਗ ਬੂਥਾਂ ਦੇ ਇੰਚਾਰਜਾਂ/ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਉਪਰੋਕਤ ਮਿਤੀਆਂ (23.11.2024 ਅਤੇ 24.11.2024) ਨੂੰ ਸਬੰਧਤ ਇਮਾਰਤਾਂ ਦੇ ਚੌਕੀਦਾਰ ਜਾਂ ਹੋਰ ਜ਼ਿੰਮੇਵਾਰ ਕਰਮਚਾਰੀ ਨੂੰ ਡਿਊਟੀ ‘ਤੇ ਲਗਾਉਣਾ ਯਕੀਨੀ ਬਣਾਉਣ।
ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੋਲਿੰਗ ਬੂਥ ਦੇ ਕਮਰੇ ਅਤੇ ਮੁੱਖ ਗੇਟ ਖੁੱਲ੍ਹੇ ਰਹਿਣ। ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਨੂੰ ਜ਼ਰੂਰੀ ਦਫ਼ਤਰੀ ਫਰਨੀਚਰ ਮੁਹੱਈਆ ਕਰਵਾਇਆ ਜਾਵੇ।