ਡੇਂਗੂ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋ ਹਫਤੇ ਦੇ ਪੰਜ ਦਿਨ ਸਰਗਰਮੀਆਂ ਤੇਜ਼
– ਟੀਮਾ ਘਰ ਘਰ ਦੌਰਾ ਕਰ ਡੇਂਗੂ ਦਾ ਲਾਰਵਾ
ਫਾਜ਼ਿਲਕਾ, 18 ਨਵੰਬਰ 2024 : ਡਾਇਰੈਕਟਰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਦੇ ਦਿਸਾ ਨਿਰਦੇਸਾਂ ਤਹਿਤ ਜਿਲ੍ਹਾ ਫ਼ਾਜ਼ਿਲਕਾ ਵਿਖੇ ਹਫਤੇ ਦੇ ਪੰਜ ਦਿਨ ਐਂਟੀ ਡੇਂਗੂ ਲਾਰਵਾ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿਚ ਹਰ ਪਿੰਡ ਅਤੇ ਸ਼ਹਿਰੀ ਇਲਾਕੇ ਵਿਚ ਸਿਹਤ ਵਿਭਾਗ ਦੀਆ ਟੀਮਾ ਰੋਜ ਘਰਾ ਵਿਚ ਦੌਰਾ ਕਰੇਗੀ ਅਤੇ ਰੋਜ਼ਾਨਾ ਰਿਪੋਰਟ ਹੋਵੇਗੀ। ਪਹਿਲਾਂ ਇਹ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਨਾਲ ਹਫਤੇ ਦੇ ਇਕ ਦਿਨ ਚੱਲ ਰਹੀ ਸੀ ਹੁਣ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਰੋਜ਼ਾਨਾ ਪੰਜ ਦਿਨ ਐਂਟੀ ਡੇਂਗੂ ਮੁਹਿੰਮ ਚੱਲੇਗੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਪਰੀਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਡੇਂਗੂ ਤੋਂ ਪ੍ਰਭਾਵਿਤ ਏਰੀਏ ਚ ਵਿਸੇਸ ਮੁਹਿੰਮ ਚਲਾ ਕੇ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਅਤੇ ਜਿਸ ਜਗ੍ਹਾ ਤੇ ਲਾਰਵਾ ਮਿਲਿਆ, ਨੂੰ ਲਾਰਵੀਸਾਈਡ ਨਾਲ ਨਸਟ ਕੀਤਾ ਜਾ ਰਿਹਾ ਹੈ ਜਿਸ ਵਿਚ ਸਿਹਤ ਵਿਭਾਗ ਨਾਲ ਨਰਸਿੰਗ ਸਟੂਡੈਂਟ ਦੀ ਮਦਦ ਲਈ ਜਾ ਰਹੀ ਹੈ।
ਡਾ. ਸੁਨੀਤਾ ਕੰਬੋਜ ਜਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ ਬੁਖਾਰ,ਮਾਸ ਪੇਸੀਆਂ ਚ ਦਰਦ,ਅੱਖਾਂ ਦੇ ਪਿਛਲੇ ਹਿੱਸੇ ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ਚ ਦੇਰੀ ਕਾਰਨ ਕਈ ਵਾਰ ਖਤਰੇ ਦਾ ਕਾਰਨ ਬਣ ਜਾਂਦਾ ਹੈ।
ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਅੱਜਕੱਲ੍ਹ ਡੇਂਗੂ ਦਾ ਸੀਜਨ ਚੱਲ ਰਿਹਾ ਹੈ। ਇਸ ਲਈ ਆਪਣੇ ਘਰਾਂ,ਦੁਕਾਨਾਂ ਅਤੇ ਵਰਕਸਾਪਾਂ ਚ ਟਾਇਰ,ਘੜੇ,ਪਾਣੀ ਵਾਲੀਆਂ ਖੇਲਾਂ ,ਗਮਲੇ, ਕੂਲਰਾਂ ਅਤੇ ਫਰਿੱਜ ਦੇ ਬੈਕ ਟਰੇਅ ਆਦਿ ਥਾਵਾਂ ਤੇ ਪਾਣੀ ਨੂੰ ਹਫਤੇ ਚ ਇੱਕ ਦਿਨ ਹਰ ਸੁੱਕਰਵਾਰ ਜਰੂਰ ਸੁਕਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਸਿਹਤ ਵਿਭਾਗ ਦੀਆਂ ਟੀਮਾਂ ਵਿੱਚ ਫ਼ਾਜ਼ਿਲਕਾ ਸਹਿਰ ਚ ਸਿਹਤ ਕਰਮਚਾਰੀ ਰਾਵਿੰਦਰ ਸਰਮਾ, ਸੁਖਜਿੰਦਰ ਸਿੰਘ, ਕ੍ਰਿਸ਼ਨ ਕੁਮਾਰ ਅਤੇ ਸਵਰਣ ਸਿੰਘ ਵੱਲੋਂ ਨਰਸਿੰਗ ਸਟੂਡੈਂਟਸ ਦੇ ਸਹਿਯੋਗ ਨਾਲ ਟੀਮਾਂ ਬਣਾ ਕੇ ਅੱਜ ਰਾਧਾ ਸਵਾਮੀ ਕਲੋਨੀ ਵਿਖੇ ਡੇਂਗੂ ਦਾ ਲਾਰਵਾ ਨਸਟ ਕਰਵਾਇਆ ਅਤੇ ਬਚਾਅ ਲਈ ਜਾਗਰੂਕਤਾ ਪੈਂਫਲੈਟ ਵੰਡੇ।
ਇਸ ਦੌਰਾਨ ਸਿਹਤ ਕਰਮਚਾਰੀ ਸੁਖਜਿੰਦਰ ਸਿੰਘ, ਕ੍ਰਿਸ਼ਨ ਕੁਮਾਰ ਅਤੇ ਸਵਰਣ ਸਿੰਘ ਨੇ ਦੱਸਿਆ ਕਿ ਡੇਂਗੂ ਸਬੰਧੀ ਜੇਕਰ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਛੋਟੀ ਗਰੁੱਪ ਮੀਟਿੰਗਾਂ ਕਰਵਾ ਕੇ ਡੇਂਗੂ ਤੋਂ ਬਚਾਅ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਵਿਚ ਲੋਕਾਂ ਨੂੰ ਬੀਮਾਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।