ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ 21 ਨਵੰਬਰ ਨੂੰ ਡੀਈਓ ਦਫ਼ਤਰ ਸੰਗਰੂਰ ਅੱਗੇ ਧਰਨਾ ਲਗਾਉਣ ਦਾ ਐਲਾਨ

0

– ਸੀਈਪੀ ਪ੍ਰੋਜੈਕਟ ਤਹਿਤ ਜਿਲਾ ਸਿੱਖਿਆ ਅਧਿਕਾਰੀਆਂ ਦੇ ਅਧਿਆਪਕਾਂ ਪ੍ਰਤੀ ਮਾੜੇ ਰਵੱਈਏ ਕਾਰਨ ਅਧਿਆਪਕਾਂ ‘ਚ ਗੁੱਸੇ ਦੀ ਲਹਿਰ

– ਸੀ ਈ ਪੀ ਵਰਗੇ ਗੈਰ ਵਿਗਿਆਨਕ ਪ੍ਰੋਜੈਕਟ ਬੰਦ ਕੀਤੇ ਜਾਣ: ਡੀਟੀਐੱਫ ਸੰਗਰੂਰ 

ਸੰਗਰੂਰ, 13 ਨਵੰਬਰ, 2024 : ਸੰਗਰੂਰ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਸੀ ਈ ਪੀ ਸਰਵੇ ਲਈ ਪੂਰੇ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਡਰਾਉਣ ਅਤੇ ਧਮਕਾਉਣ ਦੇ ਵਿਸ਼ੇ ਤੇ ਡੈਮੋਕਰੈਟਿਕ ਟੀਚਰਜ ਫਰੰਟ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਦੀ ਅਗਵਾਈ ਹੇਠ ਸੰਗਰੂਰ ਵਿਖੇ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਰਵੇ ਸੀ ਈ ਪੀ ਦੀ ਤਿਆਰੀ ਲਈ ਸਿੱਖਿਆ ਵਿਭਾਗ ਪੰਜਾਬ ਨੇ ਵਿਦਿਆਰਥੀਆਂ ਦੇ ਸਿਲੇਬਸ ਨੂੰ ਲਾਂਭੇ ਰੱਖ ਕੇ ਪਹਿਲਾਂ ਤਾਂ ਅਪ੍ਰੈਲ ਤੋਂ ਅਗਸਤ 2024 ਤੱਕ ਸਮਰੱਥ ਨਾਮ ਦਾ ਪ੍ਰੋਜੈਕਟ ਚਲਾਇਆ ਅਤੇ ਅਗਸਤ ਤੋਂ 4 ਦਸੰਬਰ ਤੱਕ ਭਾਰਤ ਸਰਕਾਰ ਦੇ ਸੀ ਈ ਪੀ ਸਰਵੇ ਲਈ ਤਿਆਰੀ ਤੇ ਜੋਰ ਦਿੱਤਾ ਹੋਇਆ ਹੈ। ਉਹਨਾਂ ਦੱਸਿਆ ਕਿ ਸੀਈਪੀ ਇੱਕ ਗੈਰ ਵਿਗਿਆਨਕ ਪ੍ਰੋਜੈਕਟ ਹੈ ਜੋ ਕਿ ਨਵੀਂ ਸਿੱਖਿਆ ਨੀਤੀ ਦਾ ਹਿੱਸਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੀ ਹੈ ਅਤੇ ਪੰਜਾਬ ਵਿਰੋਧੀ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਨੂੰ ਧੜੱਲੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪ੍ਰੋਜੈਕਟ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਤੇ ਲਾਗੂ ਕੀਤਾ ਗਿਆ ਅਤੇ ਕਈ ਮਹੀਨੇ ਦਾ ਸਮਾਂ ਬਰਬਾਦ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਦੱਸਿਆ ਗਿਆ ਹੈ ਕਿ ਇਹ ਸਰਵੇ ਸਿਰਫ ਤੀਸਰੀ, ਛੇਵੀਂ ਅਤੇ ਨੌਵੀਂ ਜਮਾਤ ਦਾ ਹੀ ਲਿਆ ਜਾਣਾ ਹੈ। ਇਸ ਸੈਸ਼ਨ ਵਿੱਚ ਵਿਦਿਆਰਥੀਆਂ ਦਾ ਸਿਲੇਬਸ ਕਰਵਾਉਣ ਲਈ ਅਧਿਆਪਕਾਂ ਨੂੰ ਕੋਈ ਸਮਾਂ ਨਹੀਂ ਦਿੱਤਾ ਗਿਆ। ਜਦੋਂ ਕਿ ਵਿਦਿਆਰਥੀਆਂ ਦਾ ਫਾਈਨਲ ਪੇਪਰ ਸਿਲੇਬਸ ਵਿੱਚੋਂ ਹੀ ਆਉਣਾ ਹੈ।

ਡੈਮੋਕਰੈਟਿਕ ਟੀਚਰਸ ਫਰੰਟ ਦੇ ਜਨਰਲ ਸਕੱਤਰ ਅਮਨ ਵਸ਼ਿਸ਼ਟ ਅਤੇ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਨੇ ਜ਼ਿਲ੍ਹਾ ਸੰਗਰੂਰ ਦੀ  ਜ਼ਿਲ੍ਹਾ ਸਿੱਖਿਆ ਅਫ਼ਸਰ ਦੁਆਰਾ ਅਧਿਆਪਕਾਂ ਨੂੰ ਧਮਕਾਉਣ ਅਤੇ ਡਰਾਉਣ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਮੀਟਿੰਗਾਂ ਦੌਰਾਨ ਅਤੇ ਸਕੂਲਾਂ ਵਿੱਚ ਜਾ ਕੇ ਜ਼ਿਲਾ ਸੰਗਰੂਰ ਦੇ ਡੀਈਓ ਮੈਡਮ ਅਧਿਆਪਕਾਂ ਨੂੰ ਡਰਾ ਧਮਕਾ ਰਹੇ ਹਨ ਅਤੇ ਅਧਿਆਪਕਾ ਨੂੰ ਜਲੀਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਅਧਿਆਪਕ ਮਾਨਸਿਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ।

ਉਹਨਾਂ ਮੰਗ ਕੀਤੀ ਕਿ ਜਿਲਾ ਸੰਗਰੂਰ ਦੇ ਸਿੱਖਿਆ ਅਧਿਕਾਰੀ ਆਪਣਾ ਆਪਹੁਦਰਾ ਅਤੇ  ਧੱਕਾਸਾਹੀ ਰਵਈਆ ਤੁਰੰਤ ਬੰਦ ਕਰਨ। ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੁਆਰਾ ਸਕੂਲ ਮੁਖੀਆਂ ਨੂੰ ਅਧਿਆਪਕਾਂ ਦੀ ਛੁੱਟੀ  ਮੰਜੂਰ ਨਾ ਕਰਨ ਦੇ ਹੁਕਮ ਚਾੜੇ ਜਾ ਰਹੇ ਹਨ। ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤੋਂ ਬਾਹਰ ਜਾ ਕੇ ਅਧਿਆਪਕਾਂ ਨੂੰ ਸਕੂਲ ਟਾਈਮ ਤੋਂ ਬਾਅਦ ਇੱਕ ਘੰਟਾ ਮੀਟਿੰਗ ਕਰਨ ਲਈ ਕਿਹਾ ਗਿਆ ਹੈ। ਸੰਗਰੂਰ ਜ਼ਿਲ੍ਹੇ ਵਿੱਚ 12 ਨਵੰਬਰ ਨੂੰ ਸੀ ਈ ਪੀ ਦੇ ਇੱਕ ਹਫਤਾਵਾਰੀ ਟੈਸਟ ਲਈ ਅਧਿਆਪਕਾਂ ਦੀਆਂ ਅਧਿਆਪਕਾਂ ਦੀਆਂ 30-40 ਕਿਲੋਮੀਟਰ ਦੂਰ ਡਿਊਟੀਆਂ ਲਗਾਈਆਂ ਗਈਆਂ, ਜਿਸ ਨਾਲ ਪੂਰੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਹਫੜਾ ਦਫੜੀ ਅਤੇ ਡਰ ਵਾਲਾ ਮਾਹੌਲ ਬਣਿਆ। ਆਮ ਤੌਰ ਤੇ ਸਰਵੇ ਕੁਦਰਤੀ ਮਾਹੌਲ ਵਿੱਚ ਕੀਤੇ ਜਾਂਦੇ ਹਨ ਕਿਉਂਕਿ ਜੇਕਰ ਸਰਵੇ ਕੁਦਰਤੀ ਮਾਹੌਲ ਵਿੱਚ ਕੀਤੇ ਜਾਣਗੇ ਤਾਂ ਸਕੂਲਾਂ ਦੀ ਅਸਲ ਤਸਵੀਰ ਸਾਹਮਣੇ ਆਵੇਗੀ, ਪਰ ਸੀਈਪੀ ਸਰਵੇ ਨੂੰ ਡੰਡੇ ਦੇ ਜ਼ੋਰ ਤੇ ਲਾਗੂ ਕੀਤਾ ਜਾ ਰਿਹਾ ਹੈ। ਜਿਸ ਦਾ ਨਤੀਜਾ ਅਸਲੀਅਤ ਤੋਂ ਕਿਤੇ ਦੂਰ ਹੋਵੇਗਾ।

ਡੀਟੀਐੱਫ ਆਗੂਆਂ ਕਮਲਜੀਤ ਬਨਭੌਰਾ, ਕੁਲਵੰਤ ਖਨੌਰੀ, ਰਾਜ ਸੈਣੀ, ਰਵਿੰਦਰ ਦਿੜਬਾ, ਦੀਨਾ ਨਾਥ, ਮਨੋਜ ਲਹਿਰਾ, ਬਲਵਿੰਦਰ ਸਤੌਜ, ਗੁਰਦੀਪ ਚੀਮਾ, ਸੁਖਵੀਰ ਖਨੌਰੀ, ਰਮਨ ਗੋਇਲ, ਮਨਜੀਤ ਲਹਿਰਾ, ਪ੍ਰਦੀਪ ਬਾਂਸਲ ਅਤੇ ਦੀਪ ਬਨਾਰਸੀ ਨੇ ਦੱਸਿਆ ਕਿ 21 ਨਵੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਦੇ ਧੱਕੇਸ਼ਾਹੀ ਅਤੇ ਆਪ ਹੁਦਰੇਪਣ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਦੇਖਦੇ ਹੋਏ ਸੀਈਪੀ ਦੇ ਖਿਲਾਫ ਸੰਗਰੂਰ ਵਿਖੇ ਜ਼ਿਲਾ ਪੱਧਰੀ ਧਰਨਾ ਲਗਾਇਆ ਜਾਵੇਗਾ ‌।

About The Author

Leave a Reply

Your email address will not be published. Required fields are marked *