ਦੱਖਣੀ ਪਟਿਆਲਾ ਬਾਈਪਾਸ ਤੋਂ ਟਰਾਂਸ ਹਰਿਆਣਾ ਐਕਸਪ੍ਰੈੱਸ ਵੇਅ ਦੇ ਸੋਸ਼ਲ ਮੀਡੀਆ ’ਤੇ ਘੁੰਮ ਰਹੇ ਫਰਜ਼ੀ ਨਕਸ਼ੇ ਦਾ ਹਾਈਵੇਅ ਅਥਾਰਟੀ ਵੱਲੋਂ ਖੰਡਨ
ਪਟਿਆਲਾ, 6 ਨਵੰਬਰ 2024 : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਦੱਖਣੀ ਪਟਿਆਲਾ ਬਾਈਪਾਸ ਤੋਂ ਟਰਾਂਸ ਹਰਿਆਣਾ ਐਕਸਪ੍ਰੈੱਸ ਵੇਅ ਐਨ ਐੱਚ 1521 ਦੇ ਸੋਸ਼ਲ ਮੀਡੀਆ ’ਤੇ ਵਾਇਰਲ ਨਕਸ਼ੇ ਨੂੰ ਗ਼ਲਤ ਦੱਸਿਆ ਹੈ। ਡਿਪਟੀ ਕਮਿਸ਼ਨਰ ਪਟਿਆਲਾ ਨੂੰ ਲਿਖੇ ਪੱਤਰ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਸਪਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਨਕਸ਼ਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਲੋਕਾਂ ਵਿੱਚ ਭਰਮ ਭੁਲੇਖਾ ਪੈਦਾ ਕਰਨ ਲਈ ਗਲਤ ਤੌਰ ’ਤੇ ਫੈਲਾਇਆ ਜਾ ਰਿਹਾ ਹੈ।
ਐਨ ਐਚ ਆਈ ਦੇ ਪ੍ਰੋਜੈਕਟਰ ਡਾਇਰੈਕਟਰ -ਕਮ- ਜੀਐਮ ਪਰਦੀਪ ਅੱਤਰੀ ਨੇ ਸਪਸ਼ਟ ਕੀਤਾ ਹੈ ਕਿ ਦੱਖਣੀ ਪਟਿਆਲਾ ਬਾਈਪਾਸ ਤੋਂ ਟਰਾਂਸ ਹਰਿਆਣਾ ਐਕਸਪ੍ਰੈੱਸ ਵੇਅ ਦੀ ਅਜੇ ਤੱਕ ਕੋਈ ਡੀਪੀਆਰ ਤਿਆਰ ਨਹੀਂ ਕੀਤੀ ਜਾ ਰਹੀ ਅਤੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਘੁੰਮ ਰਹੀ ਫਾਈਲ ਮਨਘੜਤ ਹੈ ਜੋ ਕਿ ਸਥਾਨਕ ਜ਼ਮੀਨਾਂ ਦੀਆਂ ਕੀਮਤਾਂ ਫ਼ਰਜ਼ੀ ਤੌਰ ’ਤੇ ਵਧਾਉਣ ਲਈ ਸਥਾਨਕ ਲੋਕਾਂ ਨੂੰ ਗੁਮਰਾਹ ਕਰਨ ਲਈ ਇਕ ਸਾਜਿਸ਼ ਹੈ।