ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਆਈ.ਐਸ.ਸੀ.ਸੀ.ਐਮ ਵੱਲੋਂ ਕਰਵਾਈ ਕਾਨਫ਼ਰੰਸ ਦਾ ਉਦਘਾਟਨ

0

– ਕ੍ਰਿਟੀਕਲ ਕੇਅਰ ਵੱਲ ਹੁਣ ਵਿਸ਼ੇਸ਼ ਧਿਆਨ ਦੇਣ ਦੀ ਲੋੜ : ਡਾ. ਬਲਬੀਰ ਸਿੰਘ

– ਸਿਹਤ ਸੇਵਾਵਾਂ ਨਾਲ ਸਬੰਧਤ ਅਮਲੇ ਨੂੰ ਆਪਣੀਆਂ ਕਲੀਨੀਕਲ ਸਕਿੱਲਜ਼ ਨਵੀਂਆਂ ਜ਼ਰੂਰਤ ਅਨੁਸਾਰ ਨਿਖਾਰਨ ਦਾ ਸੱਦਾ

ਪਟਿਆਲਾ, 3 ਨਵੰਬਰ 2024 : ਇੰਡੀਅਨ ਸੁਸਾਇਟੀ ਆਫ਼ ਕ੍ਰਿਟੀਕਲ ਕੇਅਰ ਮੈਡੀਸਨ ਦੀ ਪਟਿਆਲਾ ਇਕਾਈ ਵੱਲੋਂ ’ਕ੍ਰਿਟੀਕਲ ਕੇਅਰ: ਰੀਚਿੰਗ ਆਊਟ ਟੂ ਮਾਸਿਸ’ ਵਿਸ਼ੇ ’ਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੱਕ ਦਿਨਾਂ ਸੀ.ਐਮ.ਈ. (ਲਗਾਤਾਰ ਮੈਡੀਕਲ ਸਿੱਖਿਆ ਪ੍ਰੋਗਰਾਮ) ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਉਦਘਾਟਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਦੋਂ ਕਰੋਨਾ ਮਹਾਂਮਾਰੀ ਆਈ ਤਾਂ ਸਾਡੇ ਕੋਲ ਸਿਹਤ ਸੰਭਾਲ ਲਈ ਭਾਵੇਂ ਕਾਫ਼ੀ ਕੁਝ ਸੀ, ਪਰ ਕ੍ਰਿਟੀਕਲ ਕੇਅਰ ਦੇ ਖੇਤਰ ਵਿੱਚ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਹਰੇਕ ਮੈਡੀਕਲ ਗਰੈਜੂਏਟ ਨੂੰ ਬੇਸਿਕ ਕ੍ਰਿਟੀਕਲ ਕੇਅਰ ਟਰੇਨਿੰਗ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਨਾ ਕੇਵਲ ‌ਕ੍ਰਿਟੀਕਲ ਕੇਅਰ ਸਗੋਂ ਹਰੇਕ ਗਰੈਜੂਏਟ ਵਿਅਕਤੀ ਨੂੰ ਬੇਸਿਕ ਲਾਈਫ਼ ਸਕਿੱਲਜ਼ ਦੀ ਟਰੇਨਿੰਗ ਹੋਣਾ ਲਾਜ਼ਮੀ ਹੈ ਕਿਉਂਕਿ ਕਿਸੇ ਵੀ ਦੁਰਘਟਨਾ ਸਮੇਂ ਫ਼ਸਟ ਏਡ ਦੀ ਬਹੁਤ ਮਹੱਤਤਾ ਹੈ ਜੋ ਕੀਮਤੀ ਜਾਨਾਂ ਬਚਾਅ ਸਕਦੀ ਹੈ।

ਡਾ. ਬਲਬੀਰ ਸਿੰਘ ਨੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਨੂੰ ਕ੍ਰਿਟੀਕਲ ਕੇਅਰ ਸੇਵਾ ਹਰੇਕ ਲੋੜਵੰਦ ਤੱਕ ਪੁੱਜਦੀ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਿਹਤ ਸੇਵਾਵਾਂ ਨਾਲ ਸਬੰਧਤ ਸਟਾਫ਼ ਆਪਣੀਆਂ ਕਲੀਨੀਕਲ ਸਕਿੱਲਜ਼ ਨਵੀਂਆਂ ਜ਼ਰੂਰਤਾਂ ਅਨੁਸਾਰ ਨਿਖਾਰਨ ਲਈ ਲਗਾਤਾਰ ਮੈਡੀਕਲ ਦੇ ਖੇਤਰ ਵਿੱਚ ਸਿੱਖਿਆ ਪ੍ਰਾਪਤ ਕਰਦੇ ਰਹਿਣ। ਉਨ੍ਹਾਂ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਮਰੀਜ਼ਾਂ ’ਤੇ ਬਿਨਾਂ ਆਰਥਿਕ ਬੋਝ ਪਾਏ ਵਿਸ਼ਵ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਾਡੀ ਪ੍ਰਾਥਮਿਕਤਾ ਹੈ।

ਜ਼ਿਕਰਯੋਗ ਹੈ ਕਿ ਇਹ ਸਮਾਗਮ ਆਰਗੇਨਾਈਜ਼ਿੰਗ ਚੇਅਰਮੈਨ ਡਾ. ਹਰਿੰਦਰ ਪਾਲ ਸਿੰਘ ਅਤੇ ਕੋਆਰਡੀਨੇਟਰ ਡਾ. ਤ੍ਰਿਪਤ ਤੇ ਡਾ. ਵਨੀਤ ਕੌਰ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪਟਿਆਲਾ ਦੇ ਮੰਨੇ ਪ੍ਰਮੰਨੇ ਡਾਕਟਰਾਂ ਨੇ ਹਿੱਸਾ ਲਿਆ। ਇਸ ਮੌਕੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਗਪਾਲਿੰਦਰ ਸਿੰਘ ਨੇ ਹਸਪਤਾਲ ਵਿੱਚ ਆਈਸੀਯੂ ਅਤੇ ਐਨਆਈਸੀਯੂ ਸਹੂਲਤਾਂ ਦੀ ਸ਼ੁਰੂਆਤ ਅਤੇ ਲੋਕਾਂ ਨੂੰ ਮਿਲ ਰਹੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਸਿਵਲ ਸਰਜਨ ਪਟਿਆਲਾ ਡਾ. ਜਤਿੰਦਰ ਕਾਂਸਲ, ਮੁਖੀ ਸਰਕਾਰੀ ਮੈਡੀਕਲ ਕਾਲਜ ਐਨੇਸਥੀਸੀਆ ਡਾ. ਪ੍ਰਮੋਦ ਕੁਮਾਰ, ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾ. ਰਾਕੇਸ਼ ਅਰੋੜਾ ਅਤੇ ਡਾ. ਵਿਕਾਸ ਗੋਇਲ ਸਮੇਤ ਵੱਡੀ ਗਿਣਤੀ ਡਾਕਟਰ ਤੇ ਮੈਡੀਕਲ ਅਮਲਾ ਮੌਜੂਦ ਸੀ।

About The Author

Leave a Reply

Your email address will not be published. Required fields are marked *