ਸੂਬੇ ਦੀ ਇੰਡਸਟਰੀ ਰਾਜ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਲਾਭ ਉਠਾਵੇ – ਉਦਯੋਗ ਤੇ ਵਣਜ ਮੰਤਰੀ

0

– ਪੰਜਾਬ ਦੇ ਨੌਜਵਾਨ ਨੌਕਰੀਆਂ ਮੰਗਣ ਵਾਲੇ ਨਹੀਂ ਬਲਕਿ ਨੌਕਰੀਆਂ ਦੇਣ ਵਾਲੇ ਬਣਨਗੇ- ਤਰੁਨਪ੍ਰੀਤ ਸਿੰਘ ਸੌਂਦ

– ਭਗਵਾਨ ਵਿਸ਼ਵਕਰਮਾ ਬ੍ਰਹਿਮੰਡ ਦੇ ਸ਼ਿਲਪਕਾਰ ਤੇ ਕੁਲ ਆਲਮ ਦੇ ਨਿਰਮਾਤਾ ਸਨ- ਸੌਂਦ

– ਕਿਰਤ ਤੇ ਉਦਯੋਗ ਮੰਤਰੀ ਸੌਂਦ ਵੱਲੋਂ ਵਿਸ਼ਵਕਰਮਾ ਰਾਮਗੜ੍ਹੀਆ ਐਜੂਕੇਸ਼ਨਲ ਵੈਲਫੇਅਰ ਤੇ ਡਿਵੈਲਪਮੈਂਟ ਸੁਸਾਇਟੀ ਭਾਦਸੋਂ ਵੱਲੋਂ ਕਰਵਾਏ ਸਮਾਗਮ ‘ਚ ਸ਼ਿਰਕਤ

– ਕਿਰਤੀਆਂ ਤੇ ਦਸਤਕਾਰਾਂ ਨੂੰ ਸਾਡੇ ਰਾਜ ਤੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੋਰ ਵਧੇਰੇ ਸਖ਼ਤ ਮੁਸ਼ੱਕਤ ਤੇ ਸਮਰਪਣ ਭਾਵਨਾ ਨਾਲ ਆਪਣਾ ਵਡਮੁੱਲਾ ਯੋਗਦਾਨ ਪਾਉਣ ਦਾ ਸੱਦਾ

ਭਾਦਸੋਂ, 3 ਨਵੰਬਰ 2024 : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ, ਉਦਯੋਗ ਤੇ ਵਣਜ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਸ੍ਰੀ ਵਿਸ਼ਵਕਰਮਾ ਪੂਜਾ ਮਹਾਂਉਤਸਵ ਮੌਕੇ ਵਿਸ਼ਵਕਰਮਾ ਰਾਮਗੜ੍ਹੀਆ ਐਜੂਕੇਸ਼ਨਲ ਵੈਲਫੇਅਰ ਤੇ ਡਿਵੈਲਪਮੈਂਟ ਸੁਸਾਇਟੀ ਭਾਦਸੋਂ ਵੱਲੋਂ 37ਵੇਂ ਔਜਾਰ ਪੂਜਾ ਮਹਾਂ ਉਤਸਵ ਸਬੰਧੀ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ। ਤਰੁਨਪ੍ਰੀਤ ਸਿੰਘ ਸੌਂਦ, ਜਿਨ੍ਹਾਂ ਕੋਲ ਨਿਵੇਸ਼ ਉਤਸਾਹਨ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਸਮੇਤ ਪ੍ਰਾਹੁਣਚਾਰੀ ਵਿਭਾਗ ਵੀ ਹਨ, ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫੋਂ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੀ ਮੌਜੂਦ ਸਨ।

ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਦੇ ਹੁਨਰ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਤਾਂ ਕਿ ਸਾਡੇ ਨੌਜਵਾਨ ਨੌਕਰੀਆਂ ਮੰਗਣ ਵਾਲੇ ਬਣਨ ਦੀ ਥਾਂ ਨੌਕਰੀਆਂ ਦੇਣ ਵਾਲੇ ਬਣਨ। ਉਨ੍ਹਾਂ ਕਿਹਾ ਕਿ ਸਮੁੱਚੇ ਬ੍ਰਹਿਮੰਡ ਦੇ ਰਚੇਤਾ ਭਗਵਾਨ ਵਿਸ਼ਵਕਰਮਾ ਵਰਤੋਂ ਵਿੱਚ ਲਿਆਂਦੀ ਜਾ ਰਹੀ ਸਾਰੀ ਮਸ਼ੀਨਰੀ ਅਤੇ ਔਜਾਰਾਂ ਦੇ ਮਾਹਿਰ ਸਨ, ਜਿਨ੍ਹਾਂ ਨੂੰ ਸਾਰੀ ਮਸ਼ੀਨਰੀ ਦੇ ਰਚਨਹਾਰੇ ਮੰਨਿਆ ਜਾਂਦਾ ਹੈ। ਭਗਵਾਨ ਵਿਸ਼ਵਕਰਮਾ ਵੱਲੋਂ ਕੀਤੀ ਰਚਨਾ ਨੇ ਭਾਰਤੀ ਦਸਤਕਾਰਾਂ, ਕਾਰੀਗਰਾਂ ਅਤੇ ਕਿਰਤੀ ਕਾਮਿਆਂ ਵਿੱਚ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਭਾਵਨਾ ਪੈਦਾ ਕੀਤੀ ਹੈ।

ਇਸ ਮੌਕੇ ਕਿਰਤ ਮੰਤਰੀ ਸੌਂਦ ਨੇ ਕਿਰਤੀਆਂ ਤੇ ਦਸਤਕਾਰਾਂ ਨੂੰ ਸਾਡੇ ਰਾਜ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੋਰ ਵਧੇਰੇ ਸਖਤ ਮੁਸ਼ੱਕਤ ਅਤੇ ਸਮਰਪਣ ਭਾਵਨਾ ਨਾਲ ਆਪਣਾ ਵਡਮੁੱਲਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਜੋ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।ਉਨ੍ਹਾਂ ਕਿਹਾ ਕਿ ਨਾਭਾ ਹਾਰਵੈਸਟਰ ਇੰਡਸਟਰੀ ਦੀ ਹੱਬ ਹੈ ਅਤੇ ਪੰਜਾਬ ਸਰਕਾਰ ਨਾਭਾ ਤੇ ਭਾਦਸੋਂ ਦੀ ਕੰਬਾਇਨ ਇੰਡਸਟਰੀ, ਖਾਸ ਕਰਕੇ ਕਰਤਾਰ ਕੰਬਾਇਨ ਦੇ ਸਹਿਯੋਗ ਨਾਲ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਕਰਕੇ ਸਾਡੇ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦਿਵਾ ਕੇ ਹੁਨਰਮੰਦ ਬਣਾਉਣ ਲਈ ਕੰਮ ਕਰੇਗੀ।

ਉਦਯੋਗ ਤੇ ਵਣਜ ਮੰਤਰੀ ਨੇ ਕਿਹਾ ਕਿ ਸੂਬੇ ਦੀ ਇੰਡਸਟਰੀ ਨੂੰ ਹੁਲਾਰਾ ਦੇਣ ਲਈ ਰਾਜ ਤੇ ਕੇਂਦਰ ਸਰਕਾਰ ਦੀਆਂ ਕਾਫ਼ੀ ਸਕੀਮਾਂ ਹਨ ਪਰ ਇੰਡਸਟਰੀ ਵਾਲਿਆਂ ਵੱਲੋਂ ਇਨ੍ਹਾਂ ਸਕੀਮਾਂ ਦਾ ਪੂਰਾ ਲਾਭ ਨਹੀਂ ਉਠਾਇਆ ਜਾ ਰਿਹਾ ਹੈ। ਉਨ੍ਹਾਂ ਨਾਭਾ ਤੇ ਭਾਦਸੋਂ ਦੇ ਇੰਡਸਟਰੀ ਵਾਲਿਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਆਪਣਾ ਵਫ਼ਦ ਤਿਆਰ ਕਰਕੇ ਚੰਡੀਗੜ੍ਹ ਆਉਣ ਤੇ ਉਨ੍ਹਾਂ ਦੀ ਅਫ਼ਸਰਾਂ ਨਾਲ ਬੈਠਕ ਕਰਵਾ ਕੇ ਰਾਜ ਤੇ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਸਮੇਤ ਇੰਡਸਟਰੀ ਨੂੰ ਮਿਲਣ ਵਾਲੇ ਲਾਭ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕਲੱਸਟਰ ਦੇ ਰੂਪ ਵਿੱਚ ਕੰਮ ਕੀਤਾ ਜਾਂਦਾ ਹੈ ਤਾਂ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਗ੍ਰਾਂਟ ਇੰਡਸਟਰੀ ਨੂੰ ਦਿੱਤੀ ਜਾਂਦੀ ਹੈ।

ਸਮਾਰੋਹ ਦੌਰਾਨ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪ੍ਰਧਾਨਗੀ ਕੀਤੀ ਤੇ ਵਿਸ਼ੇਸ਼ ਮਹਿਮਾਨ ਵਜੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਮਹੰਤ ਹਰਵਿੰਦਰ ਸਿੰਘ ਖਨੌੜਾ, ਕਰਤਾਰ ਐਗਰੋ ਇੰਡਸਟਰੀਜ਼ ਦੇ ਐਮ.ਡੀ. ਅਮਰਜੀਤ ਸਿੰਘ ਲੋਟੇ, ਕਰਤਾਰ ਕੰਬਾਇਨ ਦੇ ਡਾਇਰੈਕਟਰ ਮਨਜੀਤ ਸਿੰਘ ਲੋਟੇ, ਹਰਮੀਤ ਸਿੰਘ ਲੋਟੇ, ਮਨਪ੍ਰੀਤ ਸਿੰਘ ਲੋਟੇ, ਹਰੀ ਸਿੰਘ ਪ੍ਰੀਤ ਕੰਬਾਇਨ, ਚਰਨ ਸਿੰਘ ਐਮ.ਡੀ. ਮਲਕੀਤ ਗਰੁੱਪ, ਹਰਵਿੰਦਰ ਸਿੰਘ ਲੋਟੇ, ਜੀ.ਐਸ.ਏ. ਕੰਬਾਇਨ ਦੇ ਐਮ.ਡੀ. ਕਰਮਜੀਤ ਸਿੰਘ ਗਲਵੱਟੀ, ਗੁਰਮੁੱਖ ਸਿੰਘ ਐਮ.ਡੀ. ਨਰਾਇਣ ਕੰਬਾਇਨ, ਹੀਰਾ ਕੰਬਾਇਨ ਦੇ ਐਮ.ਡੀ. ਸੰਤੋਖ ਸਿੰਘ ਸੇਠ, ਕੇ.ਐਸ. ਗਰੁੱਪ ਦੇ ਐਮ.ਡੀ. ਇੰਦਰਜੀਤ ਸਿੰਘ ਮੁੰਡੇ, ਦਸਮੇਸ਼ ਕੰਬਾਇਨ ਤੋਂ ਗਿਆਨੀ ਅਮਰ ਸਿੰਘ, ਪ੍ਰਧਾਨ ਕੰਬਾਇਨ ਮੈਨੂਫੈਕਚਰ ਯੂਨੀਅਨ ਅਵਤਾਰ ਸਿੰਘ ਨੰਨੜ੍ਹੇ ਸਮੇਤ ਵੱਡੀ ਗਿਣਤੀ ਰਾਮਗੜ੍ਹੀਆ ਭਾਈਚਾਰੇ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *