ਡੀ.ਸੀ ਤੇ ਐਸ.ਐਸ.ਪੀ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਸਮੀਖਿਆ ਮੀਟਿੰਗ
– ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਦੀ ਪੂਰੀ ਸਮਰੱਥਾ ਨਾਲ ਵਰਤੋਂ ਯਕੀਨੀ ਬਣਾਈ ਜਾਵੇ : ਡਾ. ਪ੍ਰੀਤੀ ਯਾਦਵ
– ਕਿਹਾ, ਡਿਊਟੀ ‘ਤੇ ਤਾਇਨਾਤ ਸਟਾਫ਼ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਬੰਧੀ ਤੁਰੰਤ ਰਿਪੋਰਟ ਕਰੇ
– ਡੀਐਸਪੀ ਤੇ ਐਸਐਚਓ ਫ਼ੀਲਡ ‘ਚ ਰਹਿਣ, ਕਿਸਾਨਾਂ ਨਾਲ ਰੱਖਣ ਰਾਬਤਾ : ਐਸਐਸਪੀ
– ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਸੈਟੇਲਾਈਟ ਨਾਲ ਰੱਖੀ ਜਾ ਰਹੀ ਹੈ ਨਜ਼ਰ
ਪਟਿਆਲਾ, 2 ਨਵੰਬਰ 2024 : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਅੱਜ ਜ਼ਿਲ੍ਹੇ ਦੇ ਸਮੂਹ ਏਡੀਸੀਜ਼, ਐਸਪੀਜ਼, ਐਸਡੀਐਮਜ਼, ਡੀਐਸਪੀਜ਼ ਤੇ ਪਰਾਲੀ ਪ੍ਰਬੰਧਨ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਅਹਿਮ ਬੈਠਕ ਕੀਤੀ। ਮੀਟਿੰਗ ਦੌਰਾਨ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਵਾਢੀ ਤੇਜ਼ੀ ਨਾਲ ਹੋ ਰਹੀ ਹੈ ਤੇ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਮੁੱਚਾ ਪ੍ਰਸ਼ਾਸਨ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਦੇ ਹੋਏ ਕਿਸਾਨਾਂ ਨਾਲ ਰਾਬਤਾ ਬਣਾਉਂਦਿਆਂ ਉਪਲਬਧ ਮਸ਼ੀਨਰੀ ਦੀ ਪੂਰੀ ਸਮਰੱਥਾ ਨਾਲ ਵਰਤੋਂ ਯਕੀਨੀ ਬਣਾਏ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਤਾਇਨਾਤ ਵਿਲੇਜ਼ ਲੈਵਲ ਅਫ਼ਸਰ, ਕਲੱਸਟਰ ਤੇ ਨੋਡਲ ਅਫ਼ਸਰ ਪਿੰਡਾਂ ਵਿੱਚ ਪੂਰੀ ਸਰਗਰਮੀ ਨਾਲ ਹਾਜ਼ਰ ਰਹਿੰਦੇ ਹੋਏ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੂਚਨਾ ਤੁਰੰਤ ਰਿਪੋਰਟ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਉਪਲਬੱਧ ਕਰਵਾਉਣ ਲਈ ਖੇਤੀਬਾੜੀ ਵਿਭਾਗ ਤੇ ਸਹਿਕਾਰੀ ਸਭਾਵਾਂ ਆਪਸੀ ਤਾਲਮੇਲ ਨਾਲ ਮਸ਼ੀਨਰੀ ਕਿਸਾਨਾਂ ਤੱਕ ਪੁੱਜਦੀ ਕਰਨ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਕੀਤੇ ਵੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਸੈਟੇਲਾਈਟ ਵੱਲੋਂ ਲੋਕੇਸ਼ਨ ਨਾਲ ਇਸ ਦੀ ਸੂਚਨਾ ਭੇਜ ਦਿੱਤੀ ਜਾਂਦੀ ਹੈ, ਇਸ ਲਈ ਜ਼ਰੂਰੀ ਹੈ ਕਿ ਫ਼ੀਲਡ ‘ਚ ਤਾਇਨਾਤ ਸਟਾਫ਼ ਪੂਰੀ ਤਰ੍ਹਾਂ ਸੁਚੇਤ ਰਹਿਕੇ ਆਪਣੀ ਡਿਊਟੀ ਦੇਵੇ ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਡੀਐਸਪੀਜ਼ ਤੇ ਐਸਐਚਓਜ਼ ਨੂੰ ਫ਼ੀਲਡ ਵਿੱਚ ਰਹਿਣ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਅਧੀਨ ਪੈਂਦੇ ਖੇਤਰਾਂ ਵਿੱਚ ਕਿਸਾਨਾਂ ਨਾਲ ਰਾਬਤਾ ਰੱਖਣ ਅਤੇ ਫ਼ੀਲਡ ਵਿੱਚ ਤਾਇਨਾਤ ਸਟਾਫ਼ ਨੂੰ ਸਹਿਯੋਗ ਕਰਦੇ ਹੋਏ ਕਿਸਾਨਾਂ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਜੇਕਰ ਪਰਾਲੀ ਨੂੰ ਅੱਗ ਲੱਗਣ ਦੀ ਕੋਈ ਘਟਨਾ ਸਾਹਮਣੇ ਆਉਣੀ ਹੈ ਤਾਂ ਬਣਦੀ ਯੋਗ ਕਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇ।
ਮੀਟਿੰਗ ਵਿੱਚ ਐਸਪੀ ਮੁਹੰਮਦ ਸਰਫ਼ਰਾਜ਼ ਆਲਮ, ਏਡੀਸੀ ਇਸ਼ਾ ਸਿੰਗਲ, ਏਡੀਸੀ ਨਵਰੀਤ ਕੌਰ ਸੇਖੋਂ, ਏਡੀਸੀ ਅਨੁਪ੍ਰਿਤਾ ਜੌਹਲ, ਐਸਪੀ ਹਰਵੰਤ ਕੌਰ, ਐਸਡੀਐਮ ਰਾਜਪੁਰਾ ਅਵਿਕੇਸ਼ ਗੁਪਤਾ, ਐਸਡੀਐਮ ਨਾਭਾ ਇਸਮਤ ਵਿਜੈ ਸਿੰਘ, ਐਸਡੀਐਮ ਪਟਿਆਲਾ ਮਨਜੀਤ ਕੌਰ, ਐਸਡੀਐਮ ਸਮਾਣਾ ਤਰਸੇਮ ਚੰਦ, ਐਸਡੀਐਮ ਪਾਤੜਾਂ ਅਸ਼ੋਕ ਕੁਮਾਰ, ਐਸਡੀਐਮ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਸਮੇਤ ਸਮੂਹ ਡੀਐਸਪੀਜ਼ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।