ਸਿਹਤ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਮਿਲਾਵਟ ਰਹਿਤ ਮਿਠਾਈਆਂ ਵੇਚਣ ਦੀ ਹਦਾਇਤ- ਡਾ. ਰਣਜੀਤ ਸਿੰਘ ਰਾਏ

0

– ਦੀਵਾਲੀ ਮੌਕੇ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਲਗਾਤਾਰ ਕੀਤੀ ਜਾ ਰਹੀ ਹੈ ਚੈਕਿੰਗ

ਮਾਨਸਾ 30 ਅਕਤੂਬਰ 2024 : ਸਿਵਲ ਸਰਜਨ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੇ ਮੱਦੇਨਜਰ ਲੋਕਾਂ ਨੂੰ ਸ਼ੁੱਧ ਘਰ ਦਾ ਖਾਣਾ, ਘਰ ਦੀਆਂ ਬਣੀਆਂ ਮਿਠਾਈਆਂ ਅਤੇ ਫ਼ਲ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਬਾਜ਼ਾਰਾਂ ਦੇ ਖਾਣੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਚੈਕਿੰਗ ਦੌਰਾਨ  ਜਿਲ੍ਹੇ ਦੇ ਮਿਠਾਈ ਵਿਕਰੇਤਾਵਾਂ ਨੂੰ ਸਾਫ਼-ਸੁਥਰੀਆਂ ਅਤੇ ਮਿਲਾਵਟ ਰਹਿਤ ਮਿਠਾਈਆਂ ਵੇਚਣ ਦੀ ਹਦਾਇਤ ਕੀਤੀ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਦੀਵਾਲੀ ਮੌਕੇ ਮਠਿਆਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਿੱਥੇ ਕਿਤੇ ਵੀ ਕੋਈ ਮਿਲਾਵਟ ਜਾਂ ਨਕਲੀ ਮਠਿਆਈਆਂ ਦਾ ਸ਼ੱਕ ਹੁੰਦਾ ਹੈ, ਉੱਥੋਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਿਲਵਾਟ ਖੋਰਾਂ ਖਿਲਾਫ ਸਖਤ ਕਾਨੂੰਨੀ  ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਤਾਂ ਜੋ ਲੋਕਾਂ ਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਖਾਣ ਵਾਲੀਆਂ ਵਸਤੂਆਂ ਮਿਲ ਸਕਣ।

ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਅਤੇ ਪਟਾਖਿਆਂ ਤੋਂ ਮੁਕਤ ਦਿਵਾਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਟਾਖਿਆਂ ਤੋਂ ਨਿਕਲਿਆ ਧੂੰਆਂ ਕਈ ਬਿਮਾਰੀਆਂ ਜਿਵੇ ਸਾਹ, ਦਮਾ ਅਤੇ ਛਾਤੀ ਦੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ। ਇਸ ਲਈ ਸਾਹ ਦੀ ਤਕਲੀਫ਼ ਵਾਲੇ ਮਰੀਜਾਂ ਨੂੰ ਦਿਵਾਲੀ ਵਾਲੇ ਦਿਨ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਇਹ ਧੂੰਆਂ ਵਾਤਾਵਾਰਣ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਬੱਚੇ ਪਟਾਖੇ ਚਲਾਉਂਦੇ ਹਨ ਤਾਂ ਵੱਡਿਆਂ ਦੀ ਨਿਗਰਾਨੀ ਵਿੱਚ ਚਲਾਉਣ ਅਤੇ ਹੱਥਾਂ ਵਿੱਚ ਫੜ ਕੇ ਨਾ ਚਲਾਉਣ,  ਤਾਂ ਜੋ ਅਣਸੁਖਾਵੀਂ  ਘਟਨਾ ਨਾ ਹੋਵੇ। ਉਨ੍ਹਾਂ ਕਿਹਾ ਕਿ ਦਿਵਾਲੀ ਮੌਕੇ ਰੇਸ਼ਮੀ ਢਿੱਲੇ ਕੱਪੜੇ ਨਹੀ ਪਾਉਣੇ ਚਾਹੀਦੇ। ਉਨ੍ਹਾਂ ਕਿਹਾ ਕਿ ਅਨਚੱਲੇ ਪਟਾਖੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਅਨਚੱਲੇ ਪਟਾਖੇ ਕਿਸੇ ਵੀ ਸਮੇਂ ਫਟ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਤੰਦਰੁਸਤ ਰਹਿਣ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ।

About The Author

Leave a Reply

Your email address will not be published. Required fields are marked *