ਗਰੀਨ ਦੀਵਾਲੀ ਮਨਾਉਣ ਦਾ ਮੁੱਖ ਮੰਤਵ ਧਰਤੀ, ਹਵਾ, ਵਾਤਾਵਰਨ ਅਤੇ ਮਨੱਖੀ ਸਿਹਤ ਨੂੰ ਤੰਦਰੁਸਤ ਰੱਖਣਾ ਹੈ- ਸਿਵਲ ਸਰਜਨ
ਮਾਨਸਾ, 28 ਅਕਤੂਬਰ 2024 : ਸਿਵਲ ਸਰਜਨ ਮਾਨਸਾ ਡਾ. ਡਾਕਟਰ ਹਰਦੇਵ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਦੇ ਤਿਉਹਾਰ ਨੂੰ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਦੇ ਤੌਰ ’ਤੇ ਮਨਾਇਆ ਜਾਵੇ । ਇਸ ਲਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪਟਾਕਿਆਂ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਆਦਾ ਵੱਡੇ ਅਤੇ ਖ਼ਤਰਨਾਕ ਪਟਾਕਿਆਂ ਦੀ ਵਰਤੋਂ ਕਰਨ ਤੋਂ ਗੁਰੇਜ ਕੀਤਾ ਜਾਵੇ। ਪਟਾਕੇ ਦੀ ਵਰਤੋ ਨਾ ਕਰਨ ਜਾ ਘੱਟੋ=ਘੱਟ ਚਲਾਉਣ ਲਈ ਆਪਣੇ ਬੱਚਿਆਂ ਨੂੰ ਸੁਝਾਅ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਰਤੋ ਕਰਨ ਨਾਲ ਜਿੱਥੇ ਹਵਾ ਵਿੱਚ ਪ੍ਰਦੂਸ਼ਣ ਫੈਲਦਾ ਹੈ ਤੇ ਹਵਾ ਜ਼ਹਿਰੀਲੀ ਹੁੰਦੀ ਹੈ, ਉੱਥੇ ਹੀ ਘਾਹ-ਫੂਸ, ਫਲ ਦੇ ਬੂਟੇ ਅਤੇ ਵੱਡੇ ਦਰੱਖਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ ਛੋਟੇ ਜੀਵ ਜੰਤੂਆਂ ਦੀ ਵੀ ਮੌਤ ਹੁੰਦੀ ਹੈ।
ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਸ਼੍ਰੀ ਵਿਜੇ ਕੁਮਾਰ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਅਧੀਨ ਗਰੀਨ ਦੀਵਾਲੀ ਮਨਾਉਣ ਨਾਲ ਜਿੱਥੇ ਆਰਥਿਕ ਤੌਰ ’ਤੇ ਲਾਭ ਹੋਵੇਗਾ, ਉਥੇ ਵਾਤਾਵਰਣ ਦੀ ਸ਼ੁੱਧਤਾ ਧਰਤੀ, ਹਵਾ ਅਤੇ ਮਨੁੱਖੀ ਜਿੰਦਗੀ ਨੂੰ ਤੰਦਰੁਸਤ ਰੱਖਣ ਵਿੱਚ ਵੀ ਇਹ ਸਹਾਈ ਸਿੱਧ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗਰੀਨ ਦੀਵਾਲੀ ਮਨਾਉਣ ਦੇ ਨਾਲ-ਨਾਲ ਫਾਸਟ ਫੂਡ, ਤਲੀਆਂ ਚੀਜ਼ਾਂ, ਬਾਜ਼ਾਰ ਦਾ ਖਾਣਾ ਅਤੇ ਜ਼ਿਆਦਾ ਮਿੱਠਾ ਖਾਣ ਤੋਂ ਪ੍ਰਹੇਜ਼ ਕਰਕੇ ਘਰ ਦਾ ਬਣਿਆ ਸਾਦਾ ਖਾਣਾ ਅਤੇ ਫਲਾਹਾਰ ਕਰਨਾ ਚਾਹੀਦਾ ਹੈ, ਤਾਂ ਜੋ ਤੰਦਰੁਸਤ ਰਹਿ ਕੇ ਵਧੀਆ ਜ਼ਿੰਦਗੀ ਬਤੀਤ ਕੀਤੀ ਜਾ ਸਕੇ। ਸਿਹਤ ਵਿਭਾਗ ਵੱਲੋਂ ਸਮੂਹ ਸਟਾਫ ਦੇ ਸਹਿਯੋਗ ਨਾਲ ਦਫਤਰ ਸਿਵਲ ਸਰਜਨ ਮਾਨਸਾ ਠੂਠਿਆਂ ਵਾਲੀ ਰੋਡ ਵਿਖੇ ਫ਼ਲ ਅਤੇ ਫੁੱਲਦਾਰ ਬੂਟਿਆਂ ਨੂੰ ਲਗਾ ਕੇ ਗ੍ਰੀਨ ਦੀਵਾਲੀ ਦਾ ਸੁਨੇਹਾ ਦਿੱਤਾ ਗਿਆ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਵਿੰਦਰ ਸਿੰਗਲਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ ਤੋਂ ਇਲਾਵਾ, ਜਸਪ੍ਰੀਤ ਕੌਰ, ਲਵਲੀ ਅਕਾਊਂਟ ਅਫਸਰ, ਨਿਸ਼ਾ ਰਾਣੀ, ਸੰਦੀਪ ਸਿੰਘ ਸੀਨੀਅਰ ਸਹਾਇਕ, ਵਿਸ਼ਵ ਕੁਮਾਰ, ਬਲਜੀਤ ਸਿੰਘ, ਸਿਮਰਜੀਤ ਸਿੰਘ ਫਾਰਮਾਸਿਸਟ, ਲਲਿਤ ਕੁਮਾਰ, ਅਮਰਿੰਦਰ ਸਿੰਘ, ਸਿਮਰਜੀਤ ਸਿੰਘ, ਸ਼ਿਖਾ ਸਿੰਗਲਾ ਏ.ਸੀ.ਐੱਫ. ਏ, ਗੁਰਪਾਲ ਸਿੰਘ, ਪੁਸਵਿੰਦਰ ਸਿੰਘ ਅਤੇ ਅੰਮ੍ਰਿਤ ਪਾਲ ਸਿੰਘ ਹਾਜ਼ਰ ਸਨ।