ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਵੱਲੋਂ ਸਰਕਾਰੀ ਸਕੂਲਾਂ ਦਾ ਨਿਰੀਖਣ
ਰਾਜਪੁਰਾ/ਪਟਿਆਲਾ, 23 ਅਕਤੂਬਰ 2024 : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਪਟਿਆਲਾ ਜ਼ਿਲ੍ਹੇ ‘ਚ ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿਖੇ ਮਿਡ ਡੇ ਮੀਲ ਦਾ ਜਾਇਜ਼ਾ ਲਿਆ। ਇਸ ਦੌਰਾਨ ਪ੍ਰੀਤੀ ਚਾਵਲਾ ਨੇ ਸਰਕਾਰੀ ਪ੍ਰਾਈਮਰੀ ਤੇ ਹਾਈ ਸਕੂਲ ਪਿੰਡ ਢਕਾਂਸੂ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਐਨਟੀਸੀ 2 ਰਾਜਪੁਰਾ, ਆਂਗਣਵਾੜੀ ਕੇਂਦਰ ਢਕਾਂਸੂ ਕਲਾਂ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪਹਿਰ ਦਾ ਦੌਰਾ ਕੀਤਾ।
ਫੂਡ ਕਮਿਸ਼ਨ ਮੈਂਬਰ ਨੇ ਸਕੂਲ ਅਧਿਆਪਕਾਂ ਤੇ ਆਂਗਣਵਾੜੀ ਸੈਂਟਰਾਂ ‘ਚ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੇ ਜਾਂਦੇ ਖਾਣੇ ਦੇ ਮਾਮਲੇ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੇ ਸੈਂਪਲ ਜਾਂਚ ਵੀ ਸਮੇਂ-ਸਮੇਂ ‘ਤੇ ਜਰੂਰ ਕਰਵਾਏ ਜਾਣ। ਇਸ ਮੌਕੇ ਉਨ੍ਹਾਂ ਸਕੂਲਾਂ ਦੀਆਂ ਰਸੋਈਆਂ ਦਾ ਨਿਰੀਖਣ ਕਰਦਿਆਂ ਰਾਸ਼ਨ ਨੂੰ ਸਟੋਰ ਕਰਨ ਦੇ ਢੰਗ ਦੀ ਜਾਂਚ ਕੀਤੀ ਜਿਸ ‘ਤੇ ਉਨ੍ਹਾਂ ਤਸੱਲੀ ਪ੍ਰਗਟਾਈ। ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪੇਹਰਾ ਦੇ ਸਕੂਲ ਸਟਾਫ਼ ਵੱਲੋਂ ਨੇੜਲੇ ਪੋਲਟਰੀ ਫਾਰਮ ਕਰਕੇ ਮੱਖੀਆਂ ਦੀ ਸਮੱਸਿਆ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ।
ਆਪਣੇ ਦੌਰੇ ਦੌਰਾਨ ਉਨ੍ਹਾਂ 2013 ਦੇ ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਤਹਿਤ ਚੱਲ ਰਹੀਆਂ ਵੱਖ ਵੱਖ ਯੋਜਨਾਵਾਂ ਦੀ ਜਾਂਚ ਕੀਤੀ ਅਤੇ ਆਂਗਣਵਾੜੀ ਰਜਿਸਟਰਾਂ ਨੂੰ ਵੀ ਘੋਖਿਆ ਅਤੇ ਬੱਚਿਆਂ ਲਈ ਤਿਆਰ ਕੀਤਾ ਗਿਆ ਮਿਡ ਡੇ ਮੀਲ ਦਾ ਖਾਣ ਵੀ ਖਾਧਾਂ ਜੋ ਮਿਆਰ ਅਨੁਸਾਰ ਪਾਇਆ ਗਿਆ। ਪ੍ਰੀਤੀ ਚਾਵਲਾ ਨੇ ਆਂਗਣਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਸਮੇਤ ਸਕੂਲ ਦੇ ਅਧਿਆਪਕਾਂ ਨੂੰ ਕੁਝ ਜਰੂਰੀ ਹਦਾਇਤਾਂ ਦਿੱਤੀਆਂ, ਜਿਸ ‘ਤੇ ਇਨ੍ਹਾਂ ਨੇ ਭਰੋਸਾ ਦਿੱਤਾ ਕਿ ਬੱਚਿਆਂ ਨੂੰ ਬਿਹਤਰ ਢੰਗ ਨਾਲ ਮਿਡ ਡੇ ਮੀਲ ਖਾਣਾ ਪ੍ਰਦਾਨ ਕਰਨ ਸਬੰਧੀ ਹੋਰ ਵੀ ਸੁਧਾਰ ਕੀਤੇ ਜਾਣਗੇ।