ਜਲੰਧਰ ਅਤੇ ਆਸ-ਪਾਸ ਦੇ ਵਿਦਿਆਰਥੀਆਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਏਗਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ
![](https://timespunjab.com/wp-content/uploads/2021/08/WhatsApp-Image-2021-08-26-at-3.38.40-PM.jpeg)
ਜਲੰਧਰ, 26 ਅਗਸਤ 2021 : ਜਲੰਧਰ ਅਤੇ ਆਸ-ਪਾਸ ਦੇ ਵਿਦਿਆਰਥੀਆਂ ਨੂੰ ਸਸਤੀ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਨਵੇਂ ਉਸਾਰੇ ਗਏ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ ਬੂਟਾ ਮੰਡੀ, ਜਲੰਧਰ ਵਿਖੇ ਸੈਸ਼ਨ 2021-22 ਲਈ ਦਾਖਲੇ ਸ਼ੁਰੂ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰ. ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਕਾਲਜ ਜਲੰਧਰ ਅਤੇ ਆਸ-ਪਾਸ ਦੇ ਵਿਦਿਆਰਥੀਆਂ ਦੀ ਬਹੁਤ ਵੱਡੀ ਜ਼ਰੂਰਤ ਸੀ, ਜਿਨ੍ਹਾਂ ਨੂੰ ਹੁਣ ਪੜ੍ਹਾਈ ਲਈ ਆਪਣੇ ਇਲਾਕੇ ਤੋਂ ਬਾਹਰ ਨਹੀਂ ਜਾਣਾ ਪਵੇਗਾ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਮਹਿੰਗੀਆਂ ਫੀਸਾਂ ਵੀ ਭਰਨੀਆਂ ਨਹੀਂ ਪੈਣਗੀਆਂ ਸਗੋਂ ਵਿਦਿਆਰਥੀ ਆਪਣੇ ਇਲਾਕੇ ਵਿੱਚ ਰਹਿ ਕੇ ਪੜ੍ਹਾਈ ਕਰ ਸਕਣਗੇ।
ਪ੍ਰਿੰ. ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਬੀ.ਏ., ਬੀ.ਕਾਮ, ਬੀ.ਸੀ.ਏ.,ਬੀ.ਬੀ.ਏ. ਅਤੇ ਪੀ.ਜੀ.ਡੀ.ਏ. ਲਈ ਦਾਖਲੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿੱਚ ਬਿਨਾਂ ਲੇਟ ਫੀਸ ਤੋਂ 31 ਅਗਸਤ ਤੱਕ ਦਾਖਲਾ ਲਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਐਸ.ਸੀ. ਸ਼੍ਰੇਣੀ ਨਾਲ ਸਬੰਧਤ ਪਰਿਵਾਰ, ਜਿਨ੍ਹਾਂ ਦੀ ਸਲਾਨਾ ਆਮਦਨ 2.50 ਲੱਖ ਤੋਂ ਘੱਟ ਹੈ, ਦੇ ਬੱਚਿਆਂ ਨੂੰ ਕਾਲਜ ਵਿੱਚ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਵਿਦਿਆਰਥੀਆਂ ਨੂੰ ਨਿਰਧਾਰਿਤ ਸਮੇਂ ਵਿੱਚ ਆਪਣਾ ਦਾਖਲਾ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਲੇਟ ਫੀਸ ਤੋਂ ਬਚ ਸਕਣ ਅਤੇ ਉਨ੍ਹਾਂ ਦਾ ਸਿਲੇਬਸ ਵੀ ਨਿਰਧਾਰਿਤ ਸਮੇਂ ਵਿੱਚ ਪੂਰਾ ਕਰਵਾਇਆ ਜਾ ਸਕੇ।