ਝੋਨੇ ਦੀ ਸਟੋਰੇਜ ਲਈ ਲੋੜ ਅਨੁਸਾਰ ਥਾਂ ਉਪਲਬੱਧ ਕਰਵਾਈ ਜਾਵੇਗੀ : ਵਿਕਾਸ ਗਰਗ
– ਪ੍ਰਮੁੱਖ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਤੇ ਸਕੱਤਰ ਮੰਡੀ ਬੋਰਡ ਵੱਲੋਂ ਰਾਜਪੁਰਾ ਅਨਾਜ ਮੰਡੀ ਦਾ ਦੌਰਾ
ਰਾਜਪੁਰਾ, 21 ਅਕਤੂਬਰ 2024 : ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਕਿਹਾ ਕਿ ਝੋਨੇ ਦੀ ਸਟੋਰੇਜ ਲਈ ਲੋੜ ਅਨੁਸਾਰ ਥਾਂ ਉਪਲਬੱਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਸਟੋਰੇਜ ਸਬੰਧੀ ਕੇਂਦਰ ਸਰਕਾਰ ਕੋਲ ਮਾਮਲਾ ਚੁੱਕਿਆ ਸੀ ਤੇ ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ ਕਰਕੇ ਵਾਧੂ ਸਟੋਰੇਜ ਸਮਰੱਥਾ ਵਧਾਉਣ ਲਈ ਦਬਾਅ ਪਾਇਆ ਸੀ, ਜਿਸ ‘ਤੇ ਕੇਂਦਰ ਸਰਕਾਰ ਵੱਲੋਂ ਹਾਮੀ ਭਰੀ ਗਈ ਹੈ। ਉਹ ਅੱਜ ਰਾਜਪੁਰਾ ਅਨਾਜ ਮੰਡੀ ਵਿਖੇ ਚੱਲ ਰਹੀ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸਕੱਤਰ ਮੰਡੀ ਬੋਰਡ ਰਾਮਬੀਰ ਸਿੰਘ, ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸਐਸਪੀ ਡਾ. ਨਾਨਕ ਸਿੰਘ ਵੀ ਮੌਜੂਦ ਸਨ।
ਆਪਣੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਲਿਫ਼ਟਿੰਗ ਆਦਿ ਲਈ ਸਾਰੇ ਟੈਂਡਰ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਜੋ ਮਿੱਲ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਰੱਖੀਆਂ ਗਈ ਸਨ, ਉਨ੍ਹਾਂ ਦਾ ਹੱਲ ਕੀਤਾ ਗਿਆ ਹੈ ਤੇ ਸਾਰੀਆਂ ਮੰਗਾਂ ਕੇਂਦਰ ਸਰਕਾਰ ਦੇ ਧਿਆਨ ਵਿੱਚ ਵੀ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਥਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ 120 ਲੱਖ ਮੀਟਰਿਕ ਟਨ ਅਨਾਜ ਚੁੱਕਿਆ ਜਾਵੇਗਾ ਅਤੇ ਜੇਕਰ ਸਪੇਸ ਨਾ ਮਿਲਣ ਕਾਰਨ ਫ਼ਸਲ ਨੂੰ ਬਾਹਰ ਸਟੋਰ ਕਰਨਾ ਪੈਦਾ ਹੈ ਤਾਂ ਉਸ ਦੀ ਟਰਾਸਪੋਰਟੇਸ਼ਨ ਦੇ ਖ਼ਰਚੇ ਦੀ ਪੂਰਤੀ ਵੀ ਭਾਰਤ ਸਰਕਾਰ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਫ਼ਸਲ ਮੰਡੀਆਂ ਵੀ ਦੇਰੀ ਨਾਲ ਆਈ ਹੈ ਜਿਸ ਕਾਰਨ ਸੀਜ਼ਨ ‘ਚ ਦੇਰੀ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਹਾਲੇ ਕੁਝ ਹਜ਼ਾਰ ਮੀਟਰਿਕ ਟਨ ਹੀ ਝੋਨੇ ਦੀ ਆਮਦ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਦਾ ਸਪੇਸ ਨਾ ਹੋਣ ਕਾਰਨ ਮਾਲ ਨਾ ਲੱਗਣ ਦਾ ਖ਼ਦਸ਼ਾ ਵੀ ਦੂਰ ਕਰ ਦਿੱਤਾ ਗਿਆ ਹੈ।
ਇਸ ਮੌਕੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੇ ਜ਼ਿਲ੍ਹਾ ਅਧਿਕਾਰੀਆਂ ਪਾਸੋਂ ਮੰਡੀਆਂ ਵਿੱਚ ਚੱਲ ਰਹੀ ਖ਼ਰੀਦ ਸਬੰਧੀ ਜਾਣਕਾਰੀ ਲਈ ਅਤੇ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਆਪਣੀ ਜਿਣਸ ਲੈ ਕੇ ਆਏ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਏਡੀਸੀ ਅਨੁਪ੍ਰਿਤਾ ਜੌਹਲ, ਐਸਡੀਐਮ ਅਵੀਕੇਸ਼ ਗੁਪਤਾ, ਖੁਰਾਕ ਤੇ ਸਿਵਲ ਸਪਲਾਈ ਦੇ ਸੰਯੁਕਤ ਡਾਇਰੈਕਟਰ ਅਨਜ਼ੁਮਨ ਭਾਸਕਰ, ਡਿਪਟੀ ਡਾਇਰੈਕਟਰ ਤਰਵਿੰਦਰ ਸਿੰਘ ਚੌਪੜਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।