ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਲੰਧਰ ਵਿਖੇ ਰੋਜ਼ਗਾਰ ਮੇਲਾ 27 ਅਗਸਤ ਨੂੰ : ਡਿਪਟੀ ਡਾਇਰੈਕਟਰ
ਜਲੰਧਰ, 26 ਅਗਸਤ 2021 : ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਮਿਸ਼ਨ’ ਤਹਿਤ ਜ਼ਿਲ੍ਹਾ ਜਲੰਧਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ 27 ਅਗਸਤ 2021 ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜਲੰਧਰ ਵਿਖੇ ਇਕ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜਲੰਧਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਜਸਵੰਤ ਰਾਏ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 7 ਕੰਪਨੀਆਂ ਪਲੇਸਮੈਡਸ, ਏਜਾਈਲ ਫਿਊਚਰ, ਐਨ.ਆਈ.ਆਈ.ਟੀ. ਲਿਮਟਿਡ,ਸਟਾਰ ਹੈਲਥ ਇੰਸ਼ੋਰੈਂਸ, ਏਅਰਟੈਲ, ਰੀਬਲਿੱਸ ਅਤੇ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਬੇਰੋਜ਼ਗਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਭਾਗ ਲੈਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ 10ਵੀਂ, 12ਵੀਂ, ਗ੍ਰੈਜੂਏਸ਼ਨ ਅਤੇ ਆਈ.ਟੀ.ਆਈ. (ਫਿੱਟਰ, ਡੀਜ਼ਲ ਮਕੈਨਿਕ) ਵਿੱਦਿਅਕ ਯੋਗਤਾ ਰੱਖਣ ਵਾਲੇ ਨੌਜਵਾਨ ਰੋਜ਼ਗਾਰ ਹਿੱਤ ਹਿੱਸਾ ਲੈ ਸਕਦੇ ਹਨ।
ਸ਼੍ਰੀ ਰਾਏ ਨੇ ਅੱਗੇ ਦੱਸਿਆ ਕਿ ਰੋਜ਼ਾਗਰ ਮੇਲੇ ਦੌਰਾਨ ਕੋਵਿਡ-19 ਮਹਾਂਮਾਰੀ ਨਾਲ ਸਬੰਧਤ ਸਮੁੱਚੀਆਂ ਹਦਾਇਤਾਂ ਤੇ ਸ਼ਰਤਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਵੇਗੀ। ਉਮੀਦਵਾਰਾਂ ਦੀ ਥਰਮਲ ਸਕੈਨਿੰਗ ਤੋਂ ਲੈ ਕੇ ਸੈਨੀਟੇਸ਼ਨ, ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਜਾਵੇਗਾ।
ਡਿਪਟੀ ਡਾਇਰੈਕਟਰ ਨੇ ਨੌਜਵਾਨਾਂ ਨੂੰ ਵਧੇਰੇ ਨੌਕਰੀਆਂ ਲਈ ਵਿਭਾਗ ਦੀ ਵੈਬਸਾਈਟ www.pgrkam.com ‘ਤੇ ਰਜਿਸਟਰ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਹੋਰ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 90569-20100 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।