ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲ ਸਲਤਨਤ ਦਾ ਖਾਤਮਾ ਕਰਕੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ : ਪ੍ਰੋਫੈਸਰ ਬਡੁੰਗਰ

ਪਟਿਆਲਾ, 17 ਅਕਤੂਬਰ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 354ਵੇਂ ਜਨਮ ਦਿਹਾੜੇ ਤੇ ਸਮੁੱਚੀ ਕੌਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਥਾਪੜਾ ਪ੍ਰਾਪਤ ਕਰਕੇ 700 ਸਾਲਾ ਮੁਗਲ ਸਲਤਨਤ ਨੂੰ ਸ਼ਿਕਸਤ ਦੇ ਕੇ 12 ਮਈ 1710 ਨੂੰ ਸਰਹੰਦ ਦੇ ਨਵਾਬ ਵਜ਼ੀਦ ਖਾਂ ਨੂੰ ਚਪੜਚਿੜੀ ਦੇ ਮੈਦਾਨ ਵਿੱਚ ਚਿੱਤ ਕਰਕੇ ਮੁਗਲ ਸਲਤਨਤ ਦਾ ਖਾਤਮਾ ਕੀਤਾ ਤੇ 14 ਮਈ 1710 ਨੂੰ ਸੰਸਾਰ ਵਿੱਚ ਧਰਤੀ ਤੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ।
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੇ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸਿੱਕੇ ਵੀ ਚਲਾਏ ਤੇ ਕਿਰਤੀ ਕਿਸਾਨਾਂ ਨੂੰ ਜਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ ।

ਪ੍ਰੋਫੈਸਰ ਨਹੀਂ ਬਡੁੰਗਰ ਨੇ ਕਿਹਾ ਕਿ ਉਹਨਾਂ ਦੇ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਗਿਆਨੀ ਗੁਰਮੁਖ ਸਿੰਘ ਇਕੱਤਰਤਾ ਹਾਲ ਵਿੱਚ ਦੁਨੀਆਂ ਦਾ ਸਭ ਤੋਂ ਵੱਡੇ ਲਾਸਾਨੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਨ 16 ਅਕਤੂਬਰ ਨੂੰ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹੰਦ ਫਤਿਹ ਨੂੰ ਸਮਰਪਿਤ 12 ਮਈ ਨੂੰ ਸਰਹੰਦ ਫਤਿਹ ਦਿਵਸ, ਅਤੇ 9 ਜੂਨ ਨੂੰ ਸ਼ਹੀਦੀ ਦਿਵਸ ਮਨਾਉਣ ਦੇ ਮਤੇ ਪਾਸ ਕੀਤੇ ਗਏ ਅਤੇ ਉਦੋਂ ਤੋਂ ਹੀ ਹਰ ਸਾਲ ਇਹ ਦਿਹਾੜੇ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਹਨ।