ਬੋਲਣ ਤੇ ਸੁਨਣ ਤੋਂ ਅਸਮਰਥ ਵਿਅਕਤੀਆਂ ਦਾ ਵੀ ਸਮਾਜ ਤੇ ਰਾਸ਼ਟਰ ਨਿਰਮਾਣ ‘ਚ ਉੱਘਾ ਯੋਗਦਾਨ : ਚੰਦਰ ਗੈਂਦ
![](https://timespunjab.com/wp-content/uploads/2021/08/DIV-Comm-Chander-Gaind-at-Vaccinatoin-Camp-2-1024x504.jpg)
ਪਟਿਆਲਾ, 26 ਅਗਸਤ 2021 : ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਕਿਹਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਅਤੇ ਖਾਸ ਕਰਕੇ ਸੁਨਣ ਤੇ ਬੋਲਣ ਤੋਂ ਅਸਮਰਥ ਵਿਅਕਤੀਆਂ ਦਾ ਸਾਡੇ ਸਮਾਜ ਤੇ ਰਾਸ਼ਟਰ ਨਿਰਮਾਣ ‘ਚ ਉੱਘਾ ਯੋਗਦਾਨ ਹੈ, ਜਿਸ ਨੂੰ ਕਿ ਅਸੀਂ ਹਮੇਸ਼ਾ ਅਣਗੌਲਿਆਂ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਅਕਤੀ, ਜਿਹੜੇ ਕਿ ਬੋਲ ਅਤੇ ਸੁਣ ਨਹੀਂ ਸਕਦੇ, ਖਾਸ ਪ੍ਰਤਿਭਾ ਦੇ ਮਾਲਕ ਹੁੰਦੇ ਹਨ ਅਤੇ ਇਨ੍ਹਾਂ ਦੀ ਇਸੇ ਪ੍ਰਤਿਭਾ ਨੂੰ ਪਛਾਣ ਕੇ ਇਨ੍ਹਾਂ ਵੱਲੋਂ ਸਮਾਜ ‘ਚ ਪਾਏ ਜਾ ਰਹੇ ਯੋਗਦਾਨ ਨੂੰ ਮਾਨਤਾ ਦੇਣ ਦੀ ਲੋੜ ਹੈ।
ਡਿਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ, ਪਟਿਆਲਾ ਐਸੋਸੀਏਸ਼ਨ ਆਫ਼ ਦੀ ਡੈਫ਼ ਦੇ ਪ੍ਰਧਾਨ ਜਗਦੀਪ ਸਿੰਘ ਵੱਲੋਂ ਵਿਸ਼ੇਸ਼ ਲੋੜਾਂ ਵਾਲੇ, ਖਾਸ ਕਰਕੇ ਬੋਲਣ ਅਤੇ ਸੁਨਣ ਤੋਂ ਅਸਮਰੱਥ ਵਿਅਕਤੀਆਂ ਲਈ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਇੱਥੇ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿਖੇ ਕੋਵਿਡ ਵੈਕਸੀਨੇਸ਼ਨ ਦੇ ਲਗਵਾਏ ਗਏ ਵਿਸ਼ੇਸ਼ ਕੈਂਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਸ੍ਰੀ ਗੈਂਦ ਨੇ ਇਸ ਦੌਰਾਨ ਬੋਲਣ ਤੇ ਸੁਨਣ ਤੋਂ ਅਸਮਰੱਥ ਵਿਅਕਤੀਆਂ ਨਾਲ ਖਾਸ ਗੱਲਬਾਤ ਕੀਤੀ ਅਤੇ ਉਨ੍ਹਾਂ ਵੱਲੋਂ ਸਮਾਜ ਤੇ ਰਾਸ਼ਟਰ ਉਸਾਰੀ ‘ਚ ਪਾਏ ਜਾ ਰਹੇ ਯੋਗਦਾਨ ਬਦਲੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਸ੍ਰੀ ਚੰਦਰ ਗੈਂਦ ਨੇ ਕਿਹਾ ਕਿ ਜਿਸ ਤਰ੍ਹਾਂ ਪਟਿਆਲਾ ਐਸੋਸੀਏਸ਼ਨ ਆਫ਼ ਡੈਫ਼ ਨੇ ਬੋਲਣ ਤੇ ਸੁਣਨ ਤੋਂ ਅਸਮਰਥ ਵਿਅਕਤੀਆਂ ਨੂੰ ਜਾਗਰੂਕ ਕਰਕੇ ਟੀਕਾਕਰਨ ਕਰਵਾਇਆ ਹੈ, ਉਸੇ ਤਰ੍ਹਾਂ ਕੋਵਿਡ ਦੀ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਹਰ ਇੱਕ ਨਾਗਰਿਕ ਨੂੰ ਬਿਨ੍ਹਾਂ ਝਿਜਕ ਕੋਵਿਡ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਪਟਿਆਲਾ ਐਸੋਸੀਏਸ਼ਨ ਆਫ਼ ਦੀ ਡੈਫ਼ ਦੇ ਪ੍ਰਧਾਨ ਜਗਦੀਪ ਸਿੰਘ ਨੇ ਸ੍ਰੀ ਚੰਦਰ ਗੈਂਦ ਦਾ ਧੰਨਵਾਦ ਕਰਦਿਆਂ ਆਪਣੀ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ 70 ਵਿਅਕਤੀਆਂ ਨੂੰ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਭੇਜੀ ਟੀਕਾਕਰਨ ਟੀਮ ਵੱਲੋਂ ਲਗਾਈ ਗਈ ਹੈ।
ਇਸ ਮੌਕੇ ਸਟੇਟ ਕਾਲਜ ਦੇ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਨੇ ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਦਾ ਸਵਾਗਤ ਕੀਤਾ। ਟੀਕਾਕਰਨ ਕੈਂਪ ‘ਚ ਸੰਕੇਤਕ ਭਾਸ਼ਾ ਟਰਾਂਸਲੇਟਰ ਸੌਰਭ ਸਿੰਘ ਤੇ ਰਵਿੰਦਰ ਕੌਰ, ਵਲੰਟੀਅਰ ਅਰਸ਼ਨੂਰ ਕੌਰ, ਪੰਕਜ ਕੁਮਾਰ, ਕਾਲਜ ਦੇ ਅਧਿਆਪਕ ਡਾ. ਦੀਪਿਕਾ ਰਾਜਪਾਲ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਬਲਵਿੰਦਰ ਸਿੰਘ, ਡਾ. ਨਵਨੀਤ ਜੇਜੀ, ਪ੍ਰੋ. ਰੁਪਿੰਦਰ ਸਿੰਘ, ਪ੍ਰੋ. ਹਰਦੀਪ ਸੈਣੀ ਤੇ ਹੋਰ ਪਤਵੰਤੇ ਮੌਜੂਦ ਸਨ।
ਇਸ ਦੌਰਾਨ ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿਦਰ ਸਿੰਘ ਟਿਵਾਣਾ ਵੱਲੋਂ ਵੋਟਰ ਜਾਗਰੂਕਤਾ ਅਤੇ ਵੋਟਰ ਸੂਚੀਆਂ ‘ਚ ਨਾਮ ਦਰਜ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਵੀਪ ਗਤੀਵਿਧੀ ਤਹਿਤ ਕਾਲਜ ਦੇ ਵਿਦਿਆਰਥੀਆਂ ਨੂੰ ਯੋਗ ਵਿਅਕਤੀਆਂ ਦੀ ਵੋਟ ਬਣਵਾਉਣ ਲਈ ਜਾਗਰੂਕ ਕੀਤਾ।