ਕਿਸਾਨ ਪੰਜਾਬ ਦੀ ਜਿੰਦ ਜਾਨ : ਨਾਗਰਾ

0
ਫਤਹਿਗੜ੍ਹ ਸਾਹਿਬ, 26 ਅਗਸਤ 2021 : ਕਿਸਾਨ ਪੰਜਾਬ ਦੀ ਜਿੰਦ ਜਾਨ ਹਨ ਤੇ ਜਿੰਨੀ ਜਿੰਨੀ ਤਰੱਕੀ ਸੂਬੇ ਦੀ ਕਿਸਾਨੀ ਦੀ ਹੋਵੇਗੀ, ਓਨੀ ਓਨੀ ਤਰੱਕੀ ਸੂਬੇ ਦੀ ਵੀ ਹੁੰਦੀ ਜਾਵੇਗੀ। ਕਿਸਾਨੀ ਉੱਤੇ ਆਈ ਹਰ ਮੁਸ਼ਕਲ ਸਾਰੇ ਪੰਜਾਬ ਦੀ ਮੁਸ਼ਕਲ ਹੈ ਤੇ ਅਜਿਹੀ ਕਿਸੇ ਵੀ ਮੁਸ਼ਕਲ ਨੂੰ ਹੱਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਜਿਹੜੇ ਕਿਸਾਨਾਂ ਨੇ ਆਪਣੀਆਂ ਜਾਨਾਂ ਕਿਸਾਨੀ ਸੰਘਰਸ਼ ਦੇ ਲੇਖੇ ਲਾਈਆਂ ਹਨ, ਉਹਨਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਦੇ ਯਤਨ ਪੰਜਾਬ ਸਰਕਾਰ ਵੱਲੋਂ ਜਾਰੀ ਹਨ। ਇਹਨਾਂ ਦੀ ਲੜੀ ਤਹਿਤ ਹੀ ਕਿਸਾਨੀ ਸੰਘਰਸ਼ ਵਿਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 05 ਲੱਖ ਰੁਪਏ ਪ੍ਰਤੀ ਪਰਿਵਾਰ ਮਦਦ ਦਿੱਤੀ ਜਾ ਰਹੀ ਹੈ।
ਇਹ ਗੱਲ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਬਲਾਕ ਸਰਹਿੰਦ ਦੇ ਪਿੰਡ ਸੁਹਾਗਹੇੜੀ ਵਿਖੇ ਕਿਸਾਨੀ ਅੰਦੋਲਨ ਦੌਰਾਨ ਸਿੰਘੂ ਬਾਰਡਰ ਵਿਖੇ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਹਰਫੂਲ ਸਿੰਘ ਪੁੱਤਰ ਦਿਆਲ ਸਿੰਘ ਪਿੰਡ ਸੁਹਾਗਹੇੜੀ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਣ ਮੌਕੇ ਆਖੀ।
ਇਸ ਮੌਕੇ ਸ. ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਔਖ ਤੇ ਸੌਖ ਵਿੱਚ ਕਿਸਾਨਾਂ ਦੇ ਨਾਲ ਹੈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਪੂਰੇ ਦੇਸ਼ ਦੀ ਅਨਾਜ ਦੀ ਲੋੜ ਪੂਰੀ ਕੀਤੀ ਪਰ ਕੇਂਦਰ ਸਰਕਾਰ ਦੇ ਖੇਤੀ ਸਬੰਧੀ ਤਿੰਨ ਕਾਨੂੰਨਾਂ ਕਾਰਨ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਘਰਸ਼ੀਲ ਕਿਸਾਨਾਂ ਦੀ ਜਿੱਤ ਯਕੀਨੀ ਹੈ।
ਸ. ਨਾਗਰਾ ਨੇ ਕਿਹਾ ਕਿ ਕਿਸਾਨ ਪਿਛਲੇ ਕਰੀਬ 09 ਮਹੀਨਿਆਂ ਤੋਂ ਦਿੱਲੀ ਬੈਠੇ ਹਨ ਤੇ 400 ਤੋਂ ਵੱਧ ਕਿਸਾਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਹਮੇਸ਼ਾਂ ਕਿਸਾਨਾਂ ਦੀ ਬਾਂਹ ਫੜੀ ਹੈ ਤੇ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਖੜ੍ਹੀ ਰਹੇਗੀ।
ਇਸ ਮੌਕੇ ਐੱਸ.ਡੀ.ਐੱਮ ਸੰਜੀਵ ਕੁਮਾਰ, ਤਹਿਸੀਲਦਾਰ ਗੁਰਜਿੰਦਰ ਸਿੰਘ, ਸਰਪੰਚ ਦਵਿੰਦਰ ਸਿੰਘ ਜੱਲਾ,ਪਿੰਡ ਦੇ ਸਰਪੰਚ ਜਸਵਿੰਦਰ ਕੌਰ,ਹਰਪ੍ਰੀਤ ਕੌਰ,ਪਰਮਜੀਤ ਕੌਰ,ਰਾਏਵਿੰਦਰ ਸਿੰਘ,ਗੁਰਮੁੱਖ ਸਿੰਘ,ਗੁਰਚਰਨ ਸਿੰਘ ਸਾਰੇ ਪੰਚ,ਕਰਮਜੀਤ ਸਿੰਘ,ਨੰਬਰਦਾਰ ਸਪੁੰਰਨ ਸਿੰਘ,ਨੰਬਰਦਾਰ ਨਾਹਰ ਸਿੰਘ,ਬਲਦੇਵ ਸਿੰਘ,ਗੁਰਮੇਲ ਸਿੰਘ,ਸਵਇੰਦਰ ਸਿੰਘ,ਗੁਰਮੀਤ ਸਿੰਘ,ਅਮਰਜੀਤ ਸਿੰਘ,ਰਣਜੀਤ ਸਿੰਘ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *

error: Content is protected !!