“ਬਾਲੜੀਆਂ” ਦੀ ਰਾਖੀ ਲਈ ਸਮਾਜ ਨੂੰ ਇਕੱਠੇ ਹੋ ਕੇ ਇੱਕ ਲੋਕ ਲਹਿਰ ਖੜੀ ਕਰਨ ਦੀ ਲੋੜ : ਪ੍ਰੋਫੈਸਰ ਬਡੁੰਗਰ
ਪਟਿਆਲਾ ,13 ਅਕਤੂਬਰ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਕਿਹਾ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮਨਾਏ ਜਾਣ ਵਾਲਾ ਦੁਸ਼ਹਿਰੇ ਦਾ ਤਿਉਹਾਰ ਦੇਸ਼ ਭਰ ਦੇ ਵਿੱਚ ਲੋਕਾਂ ਵੱਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ।
ਉਹਨਾਂ ਕਿਹਾ ਕਿ ਹਰ ਸਾਲ ਦੁਸ਼ਹਿਰੇ ਦੇ ਮੌਕੇ ਦੇਸ਼ ਦੇ ਲੋਕ ਰਾਵਣ ਦਾ ਪੁਤਲਾ ਫੂਕਦੇ ਹਨ ਤੇ ਜੋ ਰਾਵਨ ਵੱਲੋਂ ਉਸ ਸਮੇਂ ਰੋਲ ਨਿਭਾਇਆ ਗਿਆ ਉਸ ਨੂੰ ਯਾਦ ਕਰਦੇ ਹਨ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਅੱਜ ਹਰ ਪਿੰਡ, ਹਰ ਸ਼ਹਿਰ, ਹਰ ਗਲੀ, ਹਰ ਮੁਹੱਲੇ ਵਿੱਚ ਬੁਰਾਈ ਦੇ ਪ੍ਰਤੀਕ ਅਨਸਰ ਤੁਰੇ ਫਿਰ ਰਹੇ ਹਨ, ਜੋ ਛੋਟੀਆਂ ਛੋਟੀਆਂ ਧੀਆਂ ਭੈਣਾਂ, ਬਾਲੜੀਆਂ ਨਾਲ ਵੀ ਗਲਤ ਹਰਕਤਾਂ ਧੱਕੇਸ਼ਾਹੀਆਂ ਤੇ ਜਿਨਸੀ ਹਰਕਤਾ ਕਰਦੇ ਹਨ, ਜਿਨਾਂ ਦੀਆਂ ਖਬਰਾਂ ਨਿੱਤ ਦਿਨ ਸਮਾਜ ਦੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਉਹਨਾਂ ਕਿਹਾ ਕਿ ਅਜਿਹੇ ਅਨਸਰਾਂ ਖਿਲਾਫ ਇਕੱਠੇ ਹੋ ਕੇ ਸਮਾਜ ਦੇ ਲੋਕਾਂ ਨੂੰ ਇੱਕ ਲੋਕ ਲਹਿਰ ਖੜੀ ਕਰਨ ਦੀ ਲੋੜ ਹੈ ਅਤੇ ਲੋਕਾਂ ਨੂੰ ਇਕੱਠੇ ਹੋ ਕੇ ਇਸ ਮੁੱਦੇ ਤੇ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਕੱਠੇ ਹੋ ਕੇ ਅਸੀਂ ਆਪਣੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਦੀ ਰਾਖੀ ਲਈ ਯੋਗਦਾਨ ਪਾ ਸਕੀਏ।
ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਜਿੱਥੇ ਅੱਜ ਨਿੱਕੀਆਂ ਨਿੱਕੀਆਂ ਬਾਲੜੀਆਂ ਨੂੰ ਸਮਾਜ ਤੇ ਅਨਸਰਾਂ ਵੱਲੋਂ ਆਪਣੀ ਹਫਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਉੱਥੇ ਹੀ ਨਸ਼ੇ ਦੇ ਵੱਗ ਰਹੇ ਦਰਿਆਵਾਂ ਪ੍ਰਤੀ ਵੀ ਇੱਕ ਮੁੱਠਤਾ ਦਿਖਾਉਣੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਵਿਕ ਰਿਹਾ ਨਸ਼ਿਆਂ ਦਾ ਕੋਹੜ ਤੇ ਠਲ ਪਾਈ ਜਾ ਸਕੇ ਉਹਨਾਂ ਕਿਹਾ ਕਿ ਅੱਜ ਨਸ਼ਾ ਵੀ ਦੇਸ਼ ਦੀ ਨੌਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ ਤੇ ਨਸ਼ੇ ਦੇ ਆਦੀਆਂ ਵੱਲੋਂ ਆਪਣੇ ਘਰਾਂ ਤੱਕ ਉਜਾੜ ਦਿੱਤੇ ਗਏ ਹਨ ਅਤੇ ਸਮਾਜ ਵਿੱਚ ਅਜਿਹੇ ਕਈ ਅਨਸਰ ਅਜਿਹੇ ਹਨ ਜੋ ਆਪਣੇ ਨਸ਼ੇ ਦੀ ਪੂਰਤੀ ਲਈ ਜਿੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਉੱਥੇ ਹੀ ਉਹ ਕਈ ਕੀਮਤੀ ਅਜਾਈ ਜਾਨਾ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ ਅਤੇ ਖੁਦ ਵੀ ਨਸ਼ਿਆਂ ਦੇ ਵੱਧ ਸੇਵਨ ਨਾਲ ਆਪਣੀਆਂ ਜਾਨਾਂ ਖੋ ਲੈਂਦੇ ਹਨ।