ਪੀ.ਏ.ਯੂ–ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਫ਼ਲ ਖੋਜ ਕੇਂਦਰ ਗੰਗੀਆਂ ਵਿਖੇ ਬਾਗਬਾਨੀ ਫ਼ਸਲਾਂ ਦੀਆਂ ਪਿਉਂਦੀ ਤਕਨੀਕਾਂ ਬਾਬਤ ਸਿਖਲਾਈ ਕੋਰਸ ਦਾ ਆਯੋਜਨ

0

ਹੁਸ਼ਿਆਰਪੁਰ, 11 ਅਕਤੂਬਰ 2024 : ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਐਮ.ਐਸ.ਰੰਧਾਵਾ ਫ਼ਲ ਖੋਜ਼ ਕੇਂਦਰ, ਗੰਗੀਆਂ ਦੇ ਸਹਿਯੋਗ ਨਾਲ ਫ਼ਲ ਖੋਜ਼ ਕੇਂਦਰ, ਗੰਗੀਆਂ ਵਿਖੇ ਬਾਗਬਾਨੀ ਫ਼ਸਲਾਂ ਵਿੱਚ ਪਿਉਂਦੀ ਤਕਨੀਕਾਂ ਬਾਰੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਕਰਮਵੀਰ ਸਿੰਘ ਗਰਚਾ ਨੇ ਸਿਖਿਆਰਥੀਆਂ ਦਾ ਸੁਆਗਤ ਕਰਦਿਆਂ, ਉਨ੍ਹਾਂ ਨੂੰ ਫ਼ਲਦਾਰ ਪੌਦਿਆਂ ਵਿੱਚ ਪਿਉਂਦੀ ਤਕਨੀਕਾਂ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਨੇ ਸਿਖਲਾਈ ਪ੍ਰੋਗਰਾਮ ਦੇ ਉਦੇਸ਼ਾਂ ਤੇ ਚਾਨਣਾ ਪਾਉਂਦੇ ਹੋਏ ਕੇ.ਵੀ.ਕੇ ਬਾਹੋਵਾਲ ਵੱਲੋਂ ਕਿਸਾਨਾਂ ਦੀ ਸਹੂਲਤ ਬਾਬਤ ਸੇਵਾਵਾਂ ਤੇ ਗਤੀਵਿਧੀਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ।

ਇੰਚਾਰਜ ਫ਼ਲ ਖੋਜ਼ ਕੇਂਦਰ ਗੰਗੀਆਂ ਡਾ. ਸੁਮਨਜੀਤ ਕੌਰ ਨੇ ਤਕਨੀਕੀ ਸੈਸ਼ਨ ਦੀ ਅਗਵਾਈ ਕਰਦਿਆਂ ਫ਼ਲਦਾਰ ਪੌਦੇ ਤਿਆਰ ਕਰਨ ਦੇ ਤਰੀਕਿਆਂ ਦੀ ਵਿਆਖਿਆ ਕੀਤੀ । ਉਨ੍ਹਾਂ ਨੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਢੁੱਕਵੇਂ ਜੜ੍ਹ-ਮੁੱਢ ਦੀ ਚੋਣ, ਸਹੀ ਔਜ਼ਾਰਾਂ ਦੀ ਵਰਤੋਂ, ਵੱਖ-ਵੱਖ ਫਲਾਂ ਦੇ ਪੌਦਿਆਂ ਦੀ ਗ੍ਰਾਫਟਿੰਗ ਲਈ ਸਹੀ ਸਮਾਂ ਅਤੇ ਸਹੀ ਪਿਉਂਦੀ ਤਕਨੀਕਾਂ ਦੀ ਚੋਣ ਕਰਨ, ਆਦਿ, ਬਾਰੇ ਵਿਸਥਾਰ ਸਹਿਤ ਚਰਚਾ ਕੀਤੀ।

ਕਿਸਾਨਾਂ ਨੇ ਇਨ੍ਹਾਂ ਤਕਨੀਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਤਰੀਕੇ ਸਿੱਖਦੇ ਹੋਏ ਅਭਿਆਸ ਸੈਸ਼ਨਾਂ ਵਿੱਚ ਵੀ ਭਾਗ ਲਿਆ। ਸਿਖਲਾਈ ਅੰਤ ਵਿੱਚ ਵਿਚਾਰ-ਚਰਚਾ ਅਤੇ ਸਵਾਲ-ਜਵਾਬ ਦੇ ਸੈਸ਼ਨ ਨਾਲ ਸਮਾਪਤ ਹੋਈ ।

About The Author

Leave a Reply

Your email address will not be published. Required fields are marked *