ਵਿਧਾਇਕ ਜਿੰਪਾ ਨੇ ਪ੍ਰਹਲਾਦ ਨਗਰ ‘ਚ ਪਟਾਕੇ ਫਟਣ ਕਾਰਨ ਵਾਪਰੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ

0

– ਹਾਦਸੇ ‘ਚ ਜ਼ਖਮੀ ਨੌਜਵਾਨਾ ਦਾ ਹਸਪਤਾਲ ‘ਚ ਜਾ ਕੇ ਪੁੱਛਿਆ ਹਾਲ

– ਧਾਰਮਿਕ ਸੰਸਥਾਵਾਂ ਨੂੰ ਭਗਵਾਨ ਹਨੂੰਮਾਨ ਜੀ ਦੇ ਪਾਵਨ ਸਰੂਪਾਂ ‘ਦੇ ਨਾਲ ਪਟਾਕੇ ਚਲਾਉਣ ਦੀ ਰਵਾਇਤ ਬੰਦ ਕਰਨ ਦੀ ਕੀਤੀ ਅਪੀਲ

ਹੁਸ਼ਿਆਰਪੁਰ, 10 ਅਕਤੂਬਰ 2024 : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅੱਜ ਹੁਸ਼ਿਆਰਪੁਰ ਦੇ ਮੁਹੱਲਾ ਪ੍ਰਹਲਾਦ ਨਗਰ ਵਿੱਚ ਪਟਾਕੇ ਧਮਾਕੇ ਵਿੱਚ ਜ਼ਖ਼ਮੀ ਹੋਏ ਨੌਜਵਾਨਾਂ ਦਾ ਹਾਲ-ਚਾਲ ਪੁੱਛਣ ਲਈ ਲਬਾਸਨਾ ਹਸਪਤਾਲ ਪੁੱਜੇ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਸ ਦੌਰਾਨ ਵਿਧਾਇਕ ਜਿੰਪਾ ਨੇ ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਹਿਰ ਵਾਸੀਆਂ ਨੂੰ ਸੁਰੱਖਿਆ ਅਤੇ ਧਾਰਮਿਕ ਮਰਿਆਦਾ ਦਾ ਖਿਆਲ ਰੱਖਣ ਦੀ ਅਪੀਲ ਕੀਤੀ।

ਵਿਧਾਇਕ ਜਿੰਪਾ ਨੇ ਦੁਸਹਿਰੇ ਦੇ ਤਿਉਹਾਰ ਮੌਕੇ ਭਗਵਾਨ ਹਨੂੰਮਾਨ ਦੇ ਪਵਿੱਤਰ ਸਰੂਪਾਂ ‘ਦੇ ਨਾਲ ਪਟਾਕੇ ਚਲਾਉਣ ਦੀ ਪ੍ਰੰਪਰਾ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਚੱਲੀ ਆ ਰਹੀ ਇਹ ਪਰੰਪਰਾ ਧਾਰਮਿਕ ਆਸਥਾ ਨਾਲ ਜੁੜੀ ਹੋਣ ਦੇ ਬਾਵਜੂਦ ਸੁਰੱਖਿਆ ਦੇ ਨਜ਼ਰੀਏ ਤੋਂ ਠੀਕ ਨਹੀਂ ਹੈ। ਅੱਜ ਪ੍ਰਹਲਾਦ ਨਗਰ ਵਿਚ ਵੀ ਪਟਾਕਿਆਂ ਦੇ ਥੈਲੇ ‘ਚ ਅੱਗ ਲੱਗਣ ਕਾਰਨ ਕਈ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ, ਜੋ ਕਿ ਬਹੁਤ ਦੁਖਦ ਅਤੇ ਚਿੰਤਾਜਨਕ ਘਟਨਾ ਹੈ । ਇਸ ਹਾਦਸੇ ਕਾਰਨ ਇਲਾਕੇ ਵਿਚ ਕਾਫੀ ਨੁਕਸਾਨ ਹੋਇਆ ਹੈ।

ਵਿਧਾਇਕ ਜਿੰਪਾ ਨੇ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਗਵਾਨ ਹਨੂੰਮਾਨ ਜੀ ਦੇ ਸਰੂਪ ਦੀ ਸ਼ਾਨ ਨੂੰ ਬਰਕਰਾਰ ਰੱਖਣ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਤੋਂ ਹੀ ਹਨੂੰਮਾਨ ਜੀ ਨਾਲ ਪਟਾਕੇ ਚਲਾਉਣ ਦੀ ਪ੍ਰੰਪਰਾ ਨੂੰ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਰਵਾਇਤ ਨੂੰ ਜਾਰੀ ਰੱਖਣ ਨਾਲ ਹੋਰ ਵੀ ਵੱਡੇ ਹਾਦਸੇ ਵਾਪਰ ਸਕਦੇ ਹਨ, ਜਿਸ ਦਾ ਪਤਾ ਅੱਜ ਦੀ ਘਟਨਾ ਤੋਂ ਦੇਖਿਆ ਜਾ ਸਕਦਾ ਹੈ।

ਵਿਧਾਇਕ ਜਿੰਪਾ ਨੇ ਪ੍ਰਸ਼ਾਸਨ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਖ਼ਮੀਆਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਢੁੱਕਵੀਂ ਡਾਕਟਰੀ ਦੇਖ-ਭਾਲ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਕੌਂਸਲਰ ਪ੍ਰਦੀਪ ਬਿੱਟੂ, ਧੀਰਜ ਸ਼ਰਮਾ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *