ਪਟਿਆਲਾ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਦਾ ਕੰਮ ਜਾਰੀ
– ਲੋਕ ਨਿਰਮਾਣ ਵਿਭਾਗ ਵੱਲੋਂ 21 ਨੰਬਰ ਫਾਟਕ ਤੋਂ ਲਹਿਲ ਕਲੋਨੀ ਤੇ ਅਪਰ ਮਾਲ ਰੋਡ ਦੀ ਮੁਰੰਮਤ ਜਾਰੀ
ਪਟਿਆਲਾ, 10 ਅਕਤੂਬਰ 2024 : ਪਟਿਆਲਾ ਸ਼ਹਿਰ ਵਾਸੀਆਂ ਨੂੰ ਸੱਤੇ ਦਿਨ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਪਾਈਆਂ ਜਾ ਰਹੀਆਂ ਪਾਈਪ ਲਾਈਨਾਂ ਕਾਰਨ ਸ਼ਹਿਰ ਦੀਆਂ ਪੁੱਟੀਆਂ ਗਈਆਂ ਮੁੱਖ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ 21 ਨੰਬਰ ਫਾਟਕ ਤੋਂ ਲਹਿਲ ਕਲੋਨੀ ਤੇ ਅਪਰ ਮਾਲ ਰੋਡ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਕੀਤੀ ਜਾ ਰਿਹਾ ਹੈ ਜੋ ਆਉਂਦੇ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੇਂਦਰੀ ਜੇਲ੍ਹ ਦੀ ਪਿਛਲੀ ਸੜਕ, ਅਜੀਤ ਨਗਰ, ਲੇਡੀ ਫਾਤਿਮਾ ਸਕੂਲ ਰੋਡ, ਡੀ.ਐਲ.ਐਫ ਕਲੋਨੀ ਰੋਡ ਤੇ ਝਿੱਲ ਰੋਡ ਤੋਂ ਕੋਹਲੀ ਸਵੀਟ ਤੱਕ ਦੀ ਸੜਕ ਦੀ ਮੁਰੰਮਤ ਦਾ ਕੰਮ ਵੀ ਨਗਰ ਨਿਗਮ ਦੀ ਦੇਖ ਰੇਖ ਵਿੱਚ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸੜਕਾਂ ਟੁਟੀਆਂ ਹੋਣ ਕਰਕੇ ਆ ਰਹੀਆਂ ਦਿੱਕਤਾਂ ਦੂਰ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਟਿਆਲਾ ਦਿਹਾਤੀ ਦੇ ਵਿਧਾਇਕ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਇਨ੍ਹਾਂ ਸੜਕਾਂ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਪਿਊਸ਼ ਅਗਰਵਾਲ ਨੇ ਦੱਸਿਆ ਕਿ ਪਾਣੀ ਦੀ ਪਾਈਪ ਲਾਈਨ ਲਈ ਪੁੱਟੀ ਗਈ 21 ਨੰਬਰ ਫਾਟਕ ਵਾਲੀ ਸੜਕ ਦੀ ਮੁਰੰਮਤ 40 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ ਇਹ ਮੁਰੰਮਤ ਲਹਿਲ ਚੌਂਕ ਤੱਕ ਕੀਤੀ ਜਾਵੇਗੀ। ਇਸੇ ਤਰ੍ਹਾਂ ਅਪਰ ਮਾਲ ਰੋਡ ਦੀ ਰਿਪੇਅਰ ਹਾਡਾ ਸਕਿਨ ਕਲੀਨਿਕ ਤੋਂ ਠੀਕਰੀਵਾਲਾ ਚੌਂਕ ਤੱਕ 28 ਲੱਖ ਰੁਪਏ ਨਾਲ ਕੀਤੀ ਜਾ ਰਹੀ ਹੈ ਜੋ ਜਲਦੀ ਹੀ ਮੁਕੰਮਲ ਹੋ ਜਾਵੇਗੀ।