ਤਿੰਨ ਦਿਨਾਂ ਪੈਨਸ਼ਨ ਮੋਰਚੇ ਦੇ ਆਖ਼ਰੀ ਦਿਨ ਹਜ਼ਾਰਾਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੀਤਾ ਰੋਸ ਮਾਰਚ
– ਪੁਰਾਣੀ ਪੈਨਸ਼ਨ ਲਈ ਲਗਾਇਆ ਮੋਰਚਾ ਵਿਸ਼ਾਲ ਸੂਬਾਈ ਰੈਲੀ ਨਾਲ਼ ਹੋਇਆ ਸੰਪੰਨ
ਸੰਗਰੂਰ, 3 ਅਕਤੂਬਰ 2024 : ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੰਗਰੂਰ ਵਿੱਚ ਲਗਾਏ ਤਿੰਨ ਦਿਨਾਂ ਪੈਨਸ਼ਨ ਮੋਰਚੇ ਦੇ ਆਖ਼ਰੀ ਦਿਨ ਸੂਬੇ ਭਰ ਚੋਂ ਪਹੁੰਚੇ ਹਜ਼ਾਰਾਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ।ਜਿਸ ਦੇ ਦਬਾਅ ਹੇਠ ਸੰਗਰੂਰ ਪ੍ਰਸ਼ਾਸਨ ਵੱਲੋ ਫਰੰਟ ਦੇ ਆਗੂਆਂ ਦੀ 22 ਅਕਤੂਬਰ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੀ ਪ੍ਰਧਾਨਗੀ ਵਾਲੀ ਸਬ ਕਮੇਟੀ ਨਾਲ਼ ਮੀਟਿੰਗ ਤੈਅ ਕਰਵਾਈ ਗਈ। ਇਸ ਮੀਟਿੰਗ ਵਿੱਚ ਵਿੱਤ ਵਿਭਾਗ ਦੀ ਅਫਸਰਸ਼ਾਹੀ ਵੀ ਸ਼ਾਮਲ ਹੋਵੇਗੀ।
ਰੋਸ ਮਾਰਚ ਤੋਂ ਪਹਿਲਾਂ ਤਿੰਨ ਘੰਟੇ ਚੱਲੀ ਰੈਲੀ ਵਿੱਚ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਲਾਗੂ ਕਰਨ ਦੀ ਮੰਗ ਮੁੱਖ ਰੂਪ ਵਿੱਚ ਉੱਭਰ ਕੇ ਸਾਹਮਣੀ ਆਈ ਵੈਟਰਨਰੀ ਇੰਸਪੈਕਟਰ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਚਾਹਲ), ਲਾਈਬ੍ਰੇਰੀਅਨ ਯੂਨੀਅਨ, 4161 ਮਾਸਟਰ ਕਾਡਰ ਯੂਨੀਅਨ, 6635 ਈਟੀਟੀ ਯੂਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਡੀ.ਐੱਮ.ਐੱਫ ਨਾਲ਼ ਜੁੜੇ ਮੁਲਾਜ਼ਮ ਭਰਵੀਂ ਗਿਣਤੀ ਵਿੱਚ ਰੈਲੀ ਦਾ ਹਿੱਸਾ ਬਣੇ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ, ਇੰਦਰ ਸੁਖਦੀਪ ਸਿੰਘ, ਦਲਜੀਤ ਸਫੀਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਰੰਟ ਦੀ ਅਗਵਾਈ ਵਿੱਚ 1 ਤੋਂ 3 ਅਕਤੂਬਰ ਤੱਕ ਸੰਗਰੂਰ ਵਿੱਚ ਲਗਾਏ ਤਿੰਨ ਦਿਨਾਂ ਪੈਨਸ਼ਨ ਮੋਰਚੇ ਨੇ ਮੁਲਾਜ਼ਮਾਂ ਸੰਘਰਸ਼ਾਂ ਵਿੱਚ ਨਵੇਂ ਮੁਕਾਮ ਸਥਾਪਤ ਕੀਤੇ ਹਨ। ਮੁਲਾਜ਼ਮਾਂ ਨੇ ਦਿਨ ਰਾਤ ਦਾ ਮੋਰਚਾ ਚਲਾ ਕੇ ਲੰਮੇ ਘੋਲ਼ ਲੜਨ ਦੀ ਆਪਣੀ ਸਮਰੱਥਾ ਦਾ ਪ੍ਰਗਟਾਵਾ ਕੀਤਾ ਹੈ।
ਤਿੰਨ ਦਿਨਾਂ ਮੋਰਚੇ ਨਾਲ਼ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਵੱਡਾ ਬਲ ਮਿਲਿਆ ਹੈ। 18 ਨਵੰਬਰ 2022 ਨੂੰ ਆਪ ਸਰਕਾਰ ਵੱਲੋਂ ਜਾਰੀ ਕੀਤੇ “ਕਾਗਜ਼ੀ ਨੋਟੀਫਿਕੇਸ਼ਨ” ਦੇ ਸਵਾ ਸਾਲ ਬੀਤਣ ਮਗਰੋਂ ਵੀ ਪੰਜਾਬ ਦੇ ਕਿਸੇ ਮੁਲਾਜ਼ਮ ਤੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋਈ ਹੈ ਜਦਕਿ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਨਾਂ ਸੂਬਿਆਂ ਵਿੱਚ ਪੰਜਾਬ ਅੰਦਰ ਪੈਨਸ਼ਨ ਲਾਗੂ ਕੀਤੇ ਜਾਣ ਦਾ ਝੂਠਾ ਪ੍ਰਚਾਰ ਕਰ ਰਹੇ ਹਨ। ਇਹ ਸਰਕਾਰ ਦੇ ਦੋਹਰੇ ਕਿਰਦਾਰ ਅਤੇ ਨਕਾਮੀ ਦੀ ਪ੍ਰਤੱਖ ਮਿਸਾਲ ਹੈ। ਮੋਰਚੇ ਦੇ ਤਿੰਨ ਦਿਨ ਮੁਲਾਜ਼ਮਾਂ ਵੱਲੋਂ ਦਿਨ ਰਾਤ ਕੀਤੀ ਮਿਸਾਲੀ ਸ਼ਮੂਲੀਅਤ ਇਸ ਗੱਲ ਦਾ ਪ੍ਰਮਾਣ ਹੈ ਕਿ ਮੁਲਾਜ਼ਮ ਪੁਰਾਣੀ ਪੈਨਸ਼ਨ ਦੇ ਮੁੱਦੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ।
ਮੁਲਾਜ਼ਮ ਆਗੂ ਰਮਨਦੀਪ ਸਿੰਗਲਾ, ਜਗਦੀਸ਼ ਸੱਪਾਂਵਾਲੀ, ਲਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੀਟਿੰਗਾਂ ਦੇ ਕੇ ਵਾਰ ਵਾਰ ਮੁੱਕਰਨ ਅਤੇ ਮੀਟਿੰਗਾਂ ਦੇ ਬੇਸਿੱਟਾ ਰਹਿਣ ਨੇ ਮੁਲਾਜ਼ਮਾਂ ਦੇ ਰੋਸ ਨੂੰ ਤਿੱਖੇ ਸੰਘਰਸ਼ਾਂ ਵੱਲ ਮੋੜਿਆ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਆਮ ਆਦਮੀ ਸਰਕਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਨੂੰ ਮੁਲਾਜ਼ਮਾਂ ਅਤੇ ਸੂਬਾ ਸਰਕਾਰ ਦੀ ਬਣਦੀ ਐੱਨ.ਪੀ.ਐੱਸ ਹਿੱਸੇਦਾਰੀ ਦੀ ਅਦਾਇਗੀ ਪੀਐਫਆਰਡੀਏ ਨੂੰ ਜਾਰੀ ਰੱਖਣ ਦਾ ਲਿਖਤੀ ਭਰੋਸਾ ਦਿੱਤਾ ਜਾ ਰਿਹਾ ਹੈ। ਇਹ ਵੀ ਤੱਥ ਹੈ ਕਿ ਆਪ ਸਰਕਾਰ ਵੱਲੋਂ ਕੀਤੀਆਂ ਭਰਤੀਆਂ ਤੇ ਵੀ ਨਿਊ ਪੈਨਸ਼ਨ ਸਕੀਮ ਹੀ ਲਾਗੂ ਹੈ ਜੋ ਮੁਲਾਜ਼ਮਾਂ ਨਾਲ਼ ਵੱਡੀ ਵਾਅਦਾ ਖਿਲਾਫੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਜੀਪੀਐੱਫ ਖਾਤੇ ਖੋਲਣ ਅਤੇ ਐੱਨ.ਪੀ.ਐੱਸ ਕਟੌਤੀ ਬੰਦ ਕਰਨ ਦਾ ਫੈਸਲਾ ਫੌਰੀ ਲਾਗੂ ਕਰਨ ਦੀ ਮੰਗ ਕੀਤੀ।
ਰੈਲੀ ਨੂੰ ਜਰਮਨਜੀਤ ਸਿੰਘ, ਵਿਕਰਮ ਦੇਵ, ਗੁਰਦੀਪ ਸਿੰਘ ਬਾਸੀ, ਰਜਿੰਦਰ ਸਿੰਘ ਤੂਰ, ਖੁਸ਼ਦੀਪ ਸਿੰਘ, ਜਸਵਿੰਦਰ ਔਜਲਾ, ਦਵਿੰਦਰ ਡਿੱਖ, ਮਿਲਖਾ ਸਿੰਘ, ਲਖਵਿੰਦਰ ਸਿੰਘ ਰਾਜੀਵ ਕੁਮਾਰ, ਜਸਵਿੰਦਰ ਸਿੰਘ, ਗੁਰਛਹਿਬਰ ਸਿੰਘ, ਸੁਖਦੀਪ ਹਥਨ, ਜਗਜੀਤ ਸਿੰਘ, ਰਛਪਾਲ ਸਿੰਘ, ਬਲਕਾਰ ਸਿੰਘ ਮਘਾਣੀਆਂ, ਅਮਰਜੀਤ ਮੰਗਲੀ ਆਦਿ ਨੇ ਸੰਬੋਧਨ ਕੀਤਾ।