ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕ ਕਰਨ ਲਈ ਐਸ.ਡੀ.ਐਮ ਦੂਧਨਸਾਧਾਂ ਪਿੰਡਾਂ ‘ਚ ਕਿਸਾਨਾਂ ਨੂੰ ਮਿਲੇ

0
– ਐਸ.ਡੀ.ਐਮ ਕਿਰਪਾਲ ਵੀਰ ਸਿੰਘ ਤੇ ਡੀਐਸਪੀ ਰਾਜੇਸ਼ ਛਿੱਬੜ ਨੇ ਕਿਸਾਨਾਂ ਨੂੰ ਪਰਾਲੀ ਜਮੀਨ ‘ਚ ਹੀ ਮਿਲਾਉਣ ਦੀ ਕੀਤੀ ਅਪੀਲ 
ਦੇਵੀਗੜ੍ਹ, 29 ਸਤੰਬਰ 2024 : ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਨੁਕਸਾਨ ਤੋਂ ਜਾਣੂ ਕਰਵਾਉਣ ਲਈ ਦੁੱਧਨਸਾਧਾਂ ਦੇ ਉਪ ਮੰਡਲ ਮੈਜਿਸਟੇਰਟ, ਕਿਰਪਾਲ ਵੀਰ ਸਿੰਘ ਨੇ ਉਪ ਕਪਤਾਨ ਪੁਲਿਸ (ਰੂਰਲ) ਰਾਜੇਸ਼ ਛਿੱਬੜ ਨੂੰ ਨਾਲ ਲੈ ਕੇ ਤਹਿਸੀਲ ਦੁੱਧਨਸਾਧਾਂ ਅਧੀਨ ਆਉਂਦੇ ਪਿੰਡਾਂ ਸਾਹਨੀਪੁਰ ਟਾਂਡਾ, ਅਲੀਪੁਰ ਵਜੀਰ ਸਾਹਿਬ, ਤਾਜਲਪੁਰ, ਐਹਰੂ ਕਲਾਂ, ਖਾਂਸਾ ਦਾ ਦੌਰਾ ਕੀਤਾ। ਇਸ ਦੌਰਾਨ ਐਸ.ਡੀ.ਐਮ ਕਿਰਪਾਲ ਵੀਰ ਸਿੰਘ ਨੇ ਕਿਸਾਨਾਂ ਤੇ ਪਿੰਡਾਂ ਦੇ ਹੋਰਨਾਂ ਵਸਨੀਕਾਂ ਨੂੰ ਪਰਾਲੀ ਨੂੰ ਅੱਗ ਲਾਏ ਜਾਣ ਕਾਰਨ ਕਿਸਾਨਾਂ ਦਾ ਖੁਦ ਦਾ ਅਤੇ ਧਰਤੀ ਸਮੇਤ ਪੌਣ-ਪਾਣੀ ਤੇ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੀ ਭਲਾਈ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਮਦਦ ਕਰੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਮਸ਼ੀਨਰੀ ਉਪਲਬਧ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ‘ਉੱਨਤ ਕਿਸਾਨ’ ਮੋਬਾਇਲ ਐਪ ਬਣਾਈ ਗਈ ਹੈ ਤਾਂ ਜੋ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਮਸ਼ੀਨਾਂ ਆਸਾਨੀ ਨਾਲ ਉਪਲਬਧ ਕਰਵਾਈਆਂ ਜਾ ਸਕਣ।
 ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ, ਇਸ ਲਈ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਪਰਾਲੀ ਨਾ ਸਾੜਨ ਅਤੇ ਇਸ ਨੂੰ ਜਮੀਨ ਵਿੱਚ ਹੀ ਵਾਹ ਕੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ।
ਇਸ ਤੋਂ ਇਲਾਵਾ ਐਸ.ਡੀ.ਐਮ ਨੇ ਮੰਡੀਆਂ ਦਾ ਵੀ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

About The Author

Leave a Reply

Your email address will not be published. Required fields are marked *