ਸੰਗਰੂਰ ਵਿੱਚ ਲੱਗਣ ਵਾਲੇ ਤਿੰਨ ਦਿਨਾਂ ‘ਪੈਨਸ਼ਨ ਪ੍ਰਾਪਤੀ ਮੋਰਚੇ’ ਦੀ ਤਿਆਰੀ ਮੁਕੰਮਲ,ਸੂਬੇ ਭਰ ਚੋਂ ਮੁਲਾਜ਼ਮ ਹੋਣਗੇ ਮੋਰਚੇ ਵਿੱਚ ਸ਼ਾਮਲ
– ਸੰਗਰੂਰ ਪੈਨਸ਼ਨ ਮੋਰਚੇ ਦੀ ਤਿਆਰੀ ਮੁਹਿੰਮ ਨੂੰ ਜ਼ਿਲ੍ਹਿਆਂ ਵਿੱਚ ਮਿਲਿਆ ਵੱਡਾ ਹੁੰਗਾਰਾ,1-3 ਅਕਤੂਬਰ ਤੱਕ ਦਿਨ ਰਾਤ ਚੱਲਣ ਵਾਲੇ ਮੋਰਚੇ ਦਾ ਲੜੀਵਾਰ ਪ੍ਰੋਗਰਾਮ ਕੀਤਾ ਜਾਰੀ
– ਕਿਸਾਨੀ ਮੋਰਚਿਆਂ ਵਾਂਗ ਮੁਲਾਜ਼ਮਾਂ ਦੇ ਪੈਨਸ਼ਨ ਮੋਰਚੇ ਵਿੱਚ ਵੀ ਚੱਲੇਗਾ ਲੰਗਰ,ਪੁਰਾਣੀ ਪੈਨਸ਼ਨ ਬਹਾਲੀ ਲਈ ਨਿਰਣਾਇਕ ਲੜਾਈ ਦੀ ਰਿਹਰਸਲ ਹੈ ਸੰਗਰੂਰ ਮੋਰਚਾ: ਅਤਿੰਦਰ ਪਾਲ ਸਿੰਘ
ਸੰਗਰੂਰ, 28 ਸਤੰਬਰ, 2024 : ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਝੰਠੇ ਹੇਠ ਸੰਗਰੂਰ ਵਿੱਚ ਅਕਤੂਬਰ 1,2 ਅਤੇ 3 ਨੂੰ ਲੱਗਣ ਵਾਲੇ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਪ੍ਰਬੰਧਾਂ ਲਈ ਸੰਗਰੂਰ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਅਤੇ ਮਾਲਵਾ ਜ਼ੋਨ ਕਨਵੀਨਰ ਦਲਜੀਤ ਸਫੀਪੁਰ ਦੀ ਅਗਵਾਈ ਵਿੱਚ ਮੋਰਚੇ ਦੇ ਸਮੁੱਚੇ ਸੰਚਾਲਨ ਜਿਵੇਂ ਸਟੇਜ, ਰਾਤ ਨੂੰ ਸੌਣ ਲਈ ਬਿਸਤਰੇ, ਗੱਦੇ, ਟੈਂਟ, ਪਾਣੀ,ਪ੍ਰਚਾਰ ਸਮੱਗਰੀ ਆਦਿ ਲਈ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ ਅਤੇ ਮੋਰਚੇ ਲਈ ਤਿਆਰੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਨਵੀਂ ਪਿਰਤ ਪਾਉਂਦਿਆਂ ਕਿਸਾਨੀ ਮੋਰਚਿਆਂ ਵਾਂਗ ਮੁਲਾਜ਼ਮਾਂ ਦੇ ਇਸ ਪੈਨਸ਼ਨ ਮੋਰਚੇ ਵਿੱਚ ਵੀ ਲੰਗਰ ਚਲਾੳਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੰਘਰਸ਼ੀਲ ਮੁਲਾਜ਼ਮ ਜੱਥੇਬੰਦੀਆਂ ਇਸ ਮੋਰਚੇ ਦੇ ਸਮਰਥਨ ਵਿੱਚ ਆ ਰਹੀਆਂ ਹਨ ਅਤੇ ਸੰਗਰੂਰ ਮੋਰਚਾ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ ਵਿੱਚ ਅਹਿਮ ਮੁਕਾਮ ਸਾਬਿਤ ਹੋਵੇਗਾ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਫਰੰਟ ਨਾਲ਼ ਜੁੜੇ ਆਗੂਆਂ ਸੁੱਖਵਿੰਦਰ ਗਿਰ, ਅਤੇ ਰਘਵੀਰ ਸਿੰਘ ਭਵਾਨੀਗੜ ਅਤੇ ਅਮਨ ਵਸ਼ਿਸ਼ਟ ਨੇ ਕਿਹਾ ਕਿ ਸੰਗਰੂਰ ਮੋਰਚੇ ਦੀ ਲਾਮਬੰਦੀ ਲਈ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਤਿਆਰੀ ਮੁਹਿੰਮ ਨੂੰ ਜ਼ਿਲ੍ਹਿਆਂ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ। ‘ਐੱਨ.ਪੀ.ਐੱਸ ਤੋਂ ਅਜ਼ਾਦੀ’ ਮੁਹਿੰਮ ਨਾਲ਼ ਸ਼ੁਰੂ ਕੀਤੀ ਮੋਰਚੇ ਦੀ ਤਿਆਰੀ ਦੌਰਾਨ ਮੰਤਰੀਆਂ/ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ,ਜ਼ਿਲਾ/ਬਲਾਕ ਪੱਧਰ ਤੇ ਵਿਸਥਾਰੀ ਮੀਟਿੰਗਾਂ ਕੀਤੀਆਂ ਗਈਆਂ ਅਤੇ ਸਕੂਲਾਂ ਤੇ ਦਫਤਰਾਂ ਵਿੱਚ ਪਹੁੰਚ ਕਰਕੇ ਮੁਲਾਜ਼ਮਾਂ ਨੂੰ ਮੋਰਚੇ ਵਿੱਚ ਸ਼ਾਮਲ ਹੋਣ ਦੇ ‘ਸੱਦਾ ਪੱਤਰ’ ਵੀ ਵੱਡੇ ਪੱਧਰ ਤੇ ਵੰਡੇ ਗਏ ਹਨ।ਇਸ ਤੋਂ ਇਲਾਵਾ ਕੇਂਦਰ ਵੱਲੋਂ ਤਜਵੀਜਤ ਯੂਪੀਐੱਸ ਪੈਨਸ਼ਨ ਸਕੀਮ ਦੀਆਂ ਖ਼ਾਮੀਆਂ ਪ੍ਰਤੀ ਐੱਨ.ਪੀ.ਐੱਸ ਮੁਲਾਜ਼ਮਾਂ ਨੂੰ ਜਾਗਰੂਕ ਕੀਤਾ ਗਿਆ।
ਉਹਨਾਂ ਮੋਰਚੇ ਵਿੱਚ ਉਲੀਕੇ ਲੜੀਵਾਰ ਪ੍ਰੋਗਰਾਮਾਂ ਬਾਰੇ ਦੱਸਿਆ ਕਿ 1 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮੋਰਚੇ ਦੀ ਸ਼ੁਰੂਆਤ ਹੋਵੇਗੀ। ਤਿੰਨ ਦਿਨ ਚੱਲਣ ਵਾਲੇ ਇਸ ਮੋਰਚੇ ਵਿੱਚ ਦਿਨ ਵੇਲੇ ਸਟੇਜ ਚੱਲੇਗੀ ਅਤੇ ਸ਼ਾਮ ਵੇਲੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਨੂੰ ਉਭਾਰਨ ਲਈ ਮਸ਼ਾਲ ਮਾਰਚ,ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ। ਮੋਰਚੇ ਦੇ ਆਖਰੀ ਦਿਨ ਸੂਬੇ ਭਰ ਚੋਂ ਪਹੁੰਚਣ ਵਾਲੇ ਮੁਲਾਜ਼ਮਾਂ ਨਾਲ਼ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।
ਇਸ ਤਿਆਰੀ ਮੀਟਿੰਗ ਵਿੱਚ ਕਰਮਜੀਤ ਨਦਾਮਪੁਰ, ਕਮਲਜੀਤ ਬਨਭੌਰਾ, ਕੁਲਵੰਤ ਖਨੌਰੀ, ਰਵਿੰਦਰ ਦਿੜਬਾ, ਰਾਜ ਸੈਣੀ, ਗੁਰਦੀਪ ਚੀਮਾ, ਮਨਜੀਤ ਲਹਿਰਾ, ਰਮਨ ਗੋਇਲ, ਪ੍ਰਦੀਪ ਦਿੜਬਾ, ਅੰਮ੍ਰਿਤ ਸਾਗਰ ਚੀਮਾ ਆਦਿ ਸ਼ਾਮਲ ਹੋਏ।