ਪੰਚਾਇਤੀ ਚੋਣਾਂ: 04 ਅਕਤੂਬਰ ਤੱਕ ਸਵੇਰੇ 11 ਵਜੇ ਤੋਂ ਸ਼ਾਮ 03 ਵਜੇ ਤੱਕ ਦਾਖਲ ਹੋਣਗੀਆਂ ਨਾਮਜ਼ਦਗੀਆਂ
– 28 ਸਤੰਬਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਨਹੀਂ ਦਰਜ ਕੀਤੀ ਜਾਵੇਗੀ ਨਾਮਜ਼ਦਗੀ
– ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਕੀਤੀਆਂ ਹੋਈਆਂ ਨੇ ਥਾਵਾਂ ਨਿਰਧਾਰਤ
ਮਾਨਸਾ, 27 ਸਤੰਬਰ 2024 : ਪੰਚਾਇਤੀ ਚੋਣਾਂ ਜੋ ਕਿ 15 ਅਕਤੂਬਰ 2024 ਨੂੰ ਕਰਵਾਈਆਂ ਜਾਣੀਆਂ ਹਨ, ਲਈ ਜ਼ਿਲ੍ਹਾ ਮਾਨਸਾ ਵਿੱਚ ਨਾਮਜ਼ਦਗੀਆਂ 04 ਅਕਤੂਬਰ ਤੱਕ ਸਵੇਰੇ 11 ਵਜੇ ਤੋਂ ਸ਼ਾਮ 03 ਵਜੇ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਸਤੰਬਰ ਨੂੰ ਜਨਤਕ ਛੁੱਟੀ ਹੋਣ ਕਾਰਨ ਇਸ ਦਿਨ ਨਾਮਜ਼ਦਗੀਆਂ ਦਾਖ਼ਲ ਨਹੀਂ ਕੀਤੀਆਂ ਜਾਣਗੀਆਂ।
ਨਾਮਜ਼ਦਗੀਆਂ ਦਾਖ਼ਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜ ਬਲਾਕਾਂ ਵਿਚ ਨਿਰਧਾਰਤ ਕੀਤੀਆਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ ਨੇ ਦੱਸਿਆ ਕਿ ਬਲਾਕ ਮਾਨਸਾ ਲਈ ਬੀ.ਡੀ.ਪੀ.ਓ. ਦਫ਼ਤਰ ਮਾਨਸਾ, ਬਲਾਕ ਭੀਖੀ ਲਈ ਬੀ.ਡੀ.ਪੀ.ਓ. ਦਫ਼ਤਰ ਭੀਖੀ, ਬਲਾਕ ਬੁਢਲਾਡਾ ਲਈ ਬੀ.ਡੀ.ਪੀ.ਓ. ਦਫ਼ਤਰ ਬੁਢਲਾਡਾ, ਬਲਾਕ ਝੁਨੀਰ ਲਈ ਮਾਰਕਿਟ ਕਮੇਟੀ ਦਫ਼ਤਰ ਝੁਨੀਰ ਅਤੇ ਫੂਡ ਸਪਲਾਈ ਦਫ਼ਤਰ ਝੁਨੀਰ, ਬਲਾਕ ਸਰਦੂਲਗੜ੍ਹ ਲਈ ਬੀ.ਡੀ.ਪੀ.ਓ. ਦਫ਼ਤਰ ਸਰਦੂਲਗੜ੍ਹ ਵਿਖੇ ਆਰ.ਓਜ਼ ਵੱਲੋਂ ਨਾਮਜ਼ਦਗੀ ਪੱਤਰ ਲਏ ਜਾਣਗੇ।
ਉਨ੍ਹਾਂ ਦੱਸਿਆ ਕਿ 05 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ। 07 ਅਕਤੂਬਰ ਸ਼ਾਮ 03 ਵਜੇ ਤੱਕ ਨਾਮਜ਼ਦਗੀਆਂ ਪੱਤਰ ਵਾਪਸ ਲਏ ਜਾ ਸਕਣਗੇ। 15 ਅਕਤੂਬਰ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਸਵੇਰੇ 08 ਵਜੇ ਤੋਂ ਸ਼ਾਮ 04 ਵਜੇ ਤੱਕ ਵੋਟਾਂ ਪੈਣੀਆਂ ਹਨ ਅਤੇ ਇਸ ਮੰਗਰੋਂ ਗਿਣਤੀ ਹੋਵੇਗੀ।