ਵਿਧਾਨ ਸਭਾ ਦੀ ਐਸ.ਸੀਜ, ਐਸ.ਟੀਜ ਤੇ ਬੀ.ਸੀਜ ਲਈ ਭਲਾਈ ਕਮੇਟੀ ਨੇ ਘੋਖੀਆਂ ਕੇਂਦਰ ਤੇ ਰਾਜ ਸਰਕਾਰ ਦੀਆਂ ਭਲਾਈ ਸਕੀਮਾਂ

0
– ਵਿਧਾਇਕ ਡਾ. ਜਸਬੀਰ ਸਿੰਘ ਸੰਧੂ, ਅਮਿਤ ਰਤਨ, ਦੇਵ ਮਾਨ, ਵਿਕਰਮਜੀਤ ਸਿੰਘ ਚੌਧਰੀ, ਮਾਸਟਰ ਜਗਸੀਰ ਸਿੰਘ ਤੇ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਅਧਿਕਾਰੀਆਂ ਨਾਲ ਬੈਠਕ
– ਸਰਕਾਰ ਦੀਆਂ ਭਲਾਈ ਸਕੀਮਾਂ ਦਾ ਪੂਰਾ-ਪੂਰਾ ਲਾਭ ਲੋੜਵੰਦ ਲੋਕਾਂ ਨੂੰ ਹੇਠਲੇ ਪੱਧਰ ਤੱਕ ਪੁੱਜਦਾ ਕਰਨ ਦੇ ਆਦੇਸ਼
ਪਟਿਆਲਾ, 26 ਸਤੰਬਰ 2024 : ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਕਮੇਟੀ ਨੇ ਅੱਜ ਪਟਿਆਲਾ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਤਬਕਿਆਂ ਨਾਲ ਸਬੰਧਤ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਘੋਖ ਕੀਤੀ। ਕਮੇਟੀ ਨੇ ਵੱਖ-ਵੱਖ ਭਲਾਈ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਪੂਰਾ-ਪੂਰਾ ਲਾਭ ਉਨ੍ਹਾਂ ਲੋਕਾਂ ਤੱਕ ਹੇਠਲੇ ਪੱਧਰ ਤੱਕ ਪੁੱਜਦਾ ਕੀਤਾ ਜਾਵੇ, ਜਿਹੜੇ ਲੋਕ ਇਹ ਲਾਭ ਲੈਣ ਲਈ ਯੋਗ ਹਨ।
ਇਸ ਕਮੇਟੀ ਦੇ ਚੇਅਰਮੈਨ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਸਮੇਤ ਹੋਰ ਮੈਂਬਰਾਂ ਬਠਿੰਡਾ ਦਿਹਾਤੀ ਤੋਂ ਵਿਧਾਇਕ ਇੰਜ. ਅਮਿਤ ਰਤਨ, ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਐਮ.ਐਲ.ਏ. ਫ਼ਿਲੌਰ ਵਿਕਰਮਜੀਤ ਸਿੰਘ ਚੌਧਰੀ, ਭੁੱਚੋਂ ਦੇ ਐਮ.ਐਲ.ਏ. ਮਾਸਟਰ ਜਗਸੀਰ ਸਿੰਘ ਅਤੇ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਉਪਰੰਤ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਉਪ ਕੁਲਪਤੀ, ਰਜਿਸਟਰਾਰ ਅਤੇ ਹੋਰ ਅਧਿਕਾਰੀਆਂ ਨਾਲ ਵੀ ਬੈਠਕ ਕਰਨ ਸਮੇਤ ਐਸ.ਸੀ., ਬੀ.ਸੀ. ਸਟਾਫ਼ ਅਤੇ ਵਿਦਿਆਰਥੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਕਮੇਟੀ ਦੇ ਚੇਅਰਮੈਨ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ,”ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਦੱਬੇ ਕੁਚਲੇ ਲੋਕਾਂ ਨੂੰ ਉਪਰ ਉਠਾਉਣ ਲਈ ਨਿੱਠਕੇ ਕੰਮ ਕਰੀਏ।”
ਉਨ੍ਹਾਂ ਨੇ ਪੰਜਾਬ ਸਰਕਾਰ ਦੀ ਵਿਸ਼ੇਸ਼ ਸਕੀਮ ‘ਆਪ ਦੀ ਸਰਕਾਰ ਆਪ ਦੇ ਦੁਆਰ’ ਦਾ ਜਾਇਜ਼ਾ ਲੈਂਦਿਆਂ ਨਿਰਦੇਸ਼ ਦਿੱਤੇ ਕਿ ਇਸ ਸਕੀਮ ਤਹਿਤ ਲਗਾਏ ਜਾਂਦੇ ਕੈਂਪਾਂ ਦੌਰਾਨ ਵੀ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਜਰੂਰ ਪਹੁੰਚਾਇਆ ਜਾਵੇ। ਵਿਧਾਨ ਸਭਾ ਕਮੇਟੀ ਨੇ ਇਸ ਮੌਕੇ ਕੁਝ ਵਿਭਾਗੀ ਅਧਿਕਾਰੀਆਂ ਦੀ ਗ਼ੈਰਹਾਜ਼ਰੀ ਤੇ ਦੇਰੀ ਨਾਲ ਆਉਣ ਦਾ ਗੰਭੀਰ ਨੋਟਿਸ ਵੀ ਲਿਆ ਅਤੇ ਅਜਿਹੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਮੇਟੀ ਦੀ ਅਗਲੀ ਮੀਟਿੰਗ ਲਈ ਚੰਡੀਗੜ੍ਹ ਵਿਧਾਨ ਸਭਾ ਵਿਖੇ ਤਲਬ ਕੀਤਾ। ਵਿਧਾਇਕਾਂ ਨੇ ਕਈ ਵਿਭਾਗਾਂ ਤੋਂ ਪਿਛਲੇ ਤਿੰਨ ਸਾਲਾਂ ਦੇ ਕੀਤੇ ਕੰਮਾਂ ਦਾ ਵੇਰਵਾ ਵੀ ਤਲਬ ਕੀਤਾ ਅਤੇ ਦਿੱਤੇ ਨਿਰਦੇਸ਼ਾਂ ‘ਤੇ ਕੀਤੇ ਗਏ ਅਮਲ ਦੀ ਮੁਕੰਮਲ ਜਾਣਕਾਰੀ ਸੌਂਪਣ ਦੇ ਨਿਰਦੇਸ਼ ਦਿੱਤੇ। ਕਮੇਟੀ ਨੇ ਹਦਾਇਤ ਕੀਤੀ ਕਿ ਐਸ.ਸੀਜ, ਐਸ.ਟੀਜ ਤੇ ਬੀ.ਸੀਜ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
ਮੀਟਿੰਗ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਮੇਟੀ ਦਾ ਸਵਾਗਤ ਕੀਤਾ ਤੇ ਭਰੋਸਾ ਦਿੱਤਾ ਕਿ ਕਮੇਟੀ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਬੈਠਕ ਦੌਰਾਨ ਏ.ਡੀ.ਸੀ. ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ, ਏ.ਡੀ.ਸੀ. (ਜ) ਈਸ਼ਾ ਸਿੰਗਲ, ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਐਸ.ਪੀ. ਯੋਗੇਸ਼ ਕੁਮਾਰ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਵਿਧਾਨ ਸਭਾ ਕਮੇਟੀ ਦੇ ਉਪ ਸਕੱਤਰ ਬਲਬੀਰ ਕੌਰ ਤੇ ਸੁਪਰਡੈਂਟ ਤਰਲੋਕ ਸ਼ਰਮਾ, ਸਮਾਜਿਕ ਸੁਰੱਖਿਆ ਵਿਭਾਗ ਦੇ ਨੋਡਲ ਅਫ਼ਸਰ ਸੁਖਸਾਗਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਅਧਿਕਾਰਤਾ ਅਫ਼ਸਰ ਕੁਲਵਿੰਦਰ ਕੌਰ ਸਮੇਤ ਹੋਰ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed