ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ‘ਚ ਪੱਕਾ ਮੋਰਚਾ ਲਗਾਉਣ ਦਾ ਐਲਾਨ
– ਸੂਬੇ ਭਰ ਚੋਂ ਲਗਾਤਾਰ ਤਿੰਨ ਦਿਨ ਮੁਲਾਜ਼ਮ ਸੰਗਰੂਰ ਮੋਰਚੇ ਵਿੱਚ ਸ਼ਮੂਲੀਅਤ ਕਰਨਗੇ : ਪੀ.ਪੀ.ਪੀ.ਐੱਫ
– ਤਿੰਨ ਦਿਨਾਂ ਸੰਗਰੂਰ ਪੁਰਾਣੀ ਪ੍ਰਾਪਤੀ ਮੋਰਚੇ ਦੀ ਤਿਆਰੀ ਲਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਸੂਬਾ ਕਮੇਟੀ ਮੀਟਿੰਗ ਹੋਈ
– 1 ਤੋਂ 3 ਅਕਤੂਬਰ ਤੱਕ ਦਿਨ-ਰਾਤ ਚੱਲਣ ਵਾਲਾ ਪੈਨਸ਼ਨ ਮੋਰਚਾ ਸੂਬੇ ਵਿੱਚ ਪੁਰਾਣੀ ਪੈਨਸ਼ਨ ਦੇ ਸੰਘਰਸ਼ ਨੂੰ ਵੱਡੀ ਤਾਕਤ ਦੇਵੇਗਾ ਅਤੇ ਸਰਕਾਰ ਨੂੰ ਗੰਭੀਰ ਚੁਣੌਤੀ ਪੇਸ਼ ਕਰੇਗਾ : ਅਤਿੰਦਰ ਪਾਲ ਸਿੰਘ
ਸੰਗਰੂਰ, 24 ਸਤੰਬਰ 2024 : 1, 2 ਅਤੇ 3 ਅਕਤੂਬਰ ਨੂੰ ਸੰਗਰੂਰ ਵਿੱਚ ਉਲੀਕੇ ਪੈਨਸ਼ਨ ਪ੍ਰਾਪਤੀ ਮੋਰਚੇ ਦੀ ਤਿਆਰੀ ਲਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਸੂਬਾ ਕਮੇਟੀ ਮੀਟਿੰਗ ਕੀਤੀ ਗਈ। ਫਰੰਟ ਦੀ ਸੂਬਾ ਕਮੇਟੀ ਨੇ ਦਾਅਵਾ ਕੀਤਾ ਕਿ ਦਿਨ ਰਾਤ ਚੱਲਣ ਵਾਲਾ ਸੰਗਰੂਰ ਮੋਰਚਾ ਜਿੱਥੇ ਸੂਬੇ ਵਿੱਚ ਪੁਰਾਣੀ ਪੈਨਸ਼ਨ ਦੇ ਸੰਘਰਸ਼ ਨੂੰ ਵੱਡੀ ਤਾਕਤ ਦੇਵੇਗਾ ਅਤੇ ਉੱਥੇ ਆਪ ਸਰਕਾਰ ਵੱਲੋੰ ਮੁਲਾਜ਼ਮਾਂ ਨਾਲ਼ ਕੀਤੀ ਵਾਅਦਾ ਖਿਲਾਫੀ ਨੂੰ ਗੰਭੀਰ ਚੁਣੌਤੀ ਪੇਸ਼ ਕਰੇਗਾ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ, ਇੰਦਰਸੁਖਦੀਪ ਸਿੰਘ, ਦਲਜੀਤ ਸਫੀਪੁਰ ਅਤੇ ਜਸਵੀਰ ਭੰਮਾ ਨੇ ਦੱਸਿਆ ਕਿ ਤਿੰਨ ਦਿਨਾਂ ਪੈਨਸ਼ਨ ਮੋਰਚੇ ਦੀ ਸ਼ੁਰੂਆਤ, 1 ਅਕਤੂਬਰ ਨੂੰ ਹਰੇਕ ਜ਼ਿਲੇ ਵਿੱਚੋਂ ਜੱਥੇਬੰਦਕ ਕਾਡਰ ਦੀ ਬੱਝਵੀਂ ਸ਼ਮੂਲੀਅਤ ਨਾਲ਼, ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮੋਰਚੇ ਦਾ ਮੁੱਢ ਬੰਨਣ ਨਾਲ਼ ਹੋਵੇਗੀ। ਤਿੰਨ ਦਿਨ ਚੱਲਣ ਵਾਲੇ ਇਸ ਮੋਰਚੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਨੂੰ ਉਭਾਰਨ ਲਈ ਮਸ਼ਾਲ ਮਾਰਚ, ਪੁਤਲਾ ਫੂਕ ਮੁਜ਼ਾਹਰੇ ਆਦਿ ਸਰਗਰਮੀਆਂ ਕਰਨ ਫੈਸਲਾ ਕੀਤਾ ਗਿਆ ਹੈ। ਮੋਰਚੇ ਵਿੱਚ ਰੋਜ਼ਾਨਾ ਸਟੇਜ ਵੀ ਚਲਾਈ ਜਾਵੇਗੀ, ਜਿਸ ਵਿੱਚ ਮੁਲਾਜ਼ਮਾਂ ਦੀ ਲਗਾਤਾਰ ਸ਼ਮੂਲੀਅਤ ਕਰਵਾਉਣ ਲਈ ਜ਼ਿਲ੍ਹਾਵਾਰ ਵੰਡ ਕੀਤੀ ਗਈ ਹੈ। ਮੋਰਚੇ ਦੇ ਆਖਰੀ ਦਿਨ ਸੂਬੇ ਭਰ ਚੋਂ ਪਹੁੰਚਣ ਵਾਲੇ ਮੁਲਾਜ਼ਮਾਂ ਨਾਲ਼ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਵੱਲੋੰ ਹਰ ਵਾਰ ਮੁੱਖ ਮੰਤਰੀ ਨਾਲ਼ ਮੀਟਿੰਗ ਕਰਵਾਉਣ ਤੋੰ ਪੱਲਾ ਝਾੜ ਦਿੱਤਾ ਜਾਂਦਾ ਹੈ ਪਰ ਫਰੰਟ ਵੱਲੋੰ ਕਿਸੇ ਵੀ ਤਰਾਂ ਦੀ ਡੰਗ ਟਪਾਊ ਮੀਟਿੰਗ ਲੈਣ ਦੀ ਬਜਾਏ ਤਿੱਖੇ ਅਤੇ ਲੰਮੇ ਸੰਘਰਸ਼ ਨੂੰ ਚਲਾਉਣ ਦਾ ਫੈਸਲਾ ਲਿਆ ਗਿਆ ਹੈ।
ਪੀਪੀਪੀਐੱਫ ਫਰੰਟ ਦੀ ਇਸ ਸੂਬਾ ਕਮੇਟੀ ਮੀਟਿੰਗ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂ ਟੀਮ ਨੇ ਸੂਬਾ ਪ੍ਰਧਾਨ ਤੇ ਸਕੱਤਰ ਵਿਕਰਮ ਦੇਵ ਅਤੇ ਮਹਿੰਦਰ ਕੌੜਿਆਂਵਾਲੀ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਸੰਗਰੂਰ ਮੋਰਚੇ ਨੂੰ ਪੂਰਨ ਸਮਰਥਨ ਦੇਣ ਦਾ ਵੀ ਫੈਸਲਾ ਕੀਤਾ ਹੈ। ਫਰੰਟ ਦੇ ਆਗੂਆਂ ਰਮਨ ਸਿੰਗਲਾ, ਜਗਦੀਸ਼ ਸੱਪਾਂਵਾਲੀ, ਜਸਵਿੰਦਰ ਔਜਲਾ ਨੇ ਕਿਹਾ ਕਿ ਆਪ ਸਰਕਾਰ 18 ਨਵੰਬਰ 2022 ਦੇ ਆਪਣੇ ਹੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਵਿੱਚ ਅਸਫਲ ਸਾਬਿਤ ਹੋਈ ਹੈ। ਸਰਕਾਰ ਦਾ ਅੱਧਾ ਕਾਰਜਕਾਲ ਬੀਤਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਦਾ ਮੁੱਦਾ ਜਿਉਂ ਦਾ ਤਿਉਂ ਲਟਕਿਆ ਹੋਇਆ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਤਜਵੀਜ਼ ਕੀਤੀ ਭੁਲੇਖਾਪਾਊ ਯੂਪੀਐੱਸ ਸਕੀਮ ਉੱਤੇ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਨਾ ਦੇਣ ਨਾਲ਼ ਪੁਰਾਣੀ ਪੈਨਸ਼ਨ ਦੀ ਇੰਨ ਬਿੰਨ ਬਹਾਲੀ ਉੱਤੇ ਹੋਰ ਸ਼ੰਕੇ ਖੜੇ ਹੋ ਗਏ ਹਨ। ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਹੀ ਪੈਨਸ਼ਨ ਦੇ ਮੁੱਦੇ ਦਾ ਅਸਲ ਹੱਲ ਹੈ ਜਿਸ ਦੇ ਲਈ ਐੱਨ.ਪੀ.ਐੱਸ ਮੁਲਾਜ਼ਮ ਸੰਗਰੂਰ ਮੋਰਚੇ ਵਿੱਚ ਪੂਰੇ ਉਤਸ਼ਾਹ ਨਾਲ਼ ਸ਼ਾਮਲ ਹੋਣਗੇ।
ਮੀਟਿੰਗ ਵਿੱਚ ਡੀ.ਐੱਮ.ਐੱਫ ਦੇ ਸੂਬਾਈ ਆਗੂਆਂ ਜਰਮਨਜੀਤ ਸਿੰਘ, ਹਰਦੀਪ ਟੋਡਰਪੁਰ ਤੋਂ ਇਲਾਵਾ ਸਤਪਾਲ ਸਮਾਣਵੀ, ਗੁਰਜਿੰਦਰ ਮੰਝਪੁਰ, ਜਸਵਿੰਦਰ ਸਿੰਘ, ਮਨਦੀਪ ਸਿੰਘ, ਲਖਵਿੰਦਰ ਸਿੰਘ, ਅਮਰਦੀਪ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਰੱਖੜਾ, ਸੁਖਵਿੰਦਰ ਗਿਰ ਆਦਿ ਹਾਜ਼ਰ ਰਹੇ।