ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਮਲਟੀ ਪਰਪਜ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੀਸਾਈਕਲ ਕੈਫੇ ਦਾ ਦੌਰਾ
ਪਟਿਆਲਾ, 20 ਸਤੰਬਰ 2024 : ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਨਗਰ ਨਿਗਮ ਪਟਿਆਲਾ ਵੱਲੋਂ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ 50 ਵਿਦਿਆਰਥੀਆਂ ਨੂੰ ਜਾਗਰੂਕਤਾ ਦੌਰਾ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਵੱਛਤਾ ਸੰਬਧੀ ਰੈਲੀ ਕੱਢ ਜੋਸ਼ ਨਾਲ ਕੇ ਨਾਅਰੇ ਲਾਏ ਗਏ। ਨਗਰ ਨਿਗਮ ਦੇ ਹੈਲਥ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਇਸ ਵਿੱਚ ਵਿਦਿਆਰਥੀਆਂ ਨੂੰ ਕਬਾੜ ਸਮਝੀਆਂ ਜਾਂਦੀਆਂ ਵਸਤਾਂ ਜਿਵੇਂ ਕਿ ਗੱਤਾ, ਪਲਾਸਟਿਕ ਆਦਿ ਤੋਂ ਕਿਵੇਂ ਨਵੀਆਂ ਅਤੇ ਉਪਯੋਗੀ ਵਸਤਾਂ ਜਿਵੇਂ ਕਿ ਕੁਰਸੀਆਂ, ਮੇਜ਼, ਗੁਲਦਸਤੇ ਅਤੇ ਹੋਰ ਸਜਾਵਟੀ ਵਸਤਾਂ ਬਣਾਈਆਂ ਜਾਣ ਇਸ ਬਾਰੇ ਦੱਸਿਆ ਗਿਆ।
ਸ਼ਹਿਰ ਨੂੰ ਸਾਫ਼ ਅਤੇ ਸੋਹਣਾ ਬਣਾਉਣ ਵਿੱਚ ਸਥਾਨਕ ਨਿਵਾਸੀਆਂ ਦੀ ਮੁੱਖ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਇਸ ਅਭਿਆਨ ਦਾ ਮੰਤਵ ਨਾਗਰਿਕਾਂ ਵਿੱਚ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਅਤੇ ਪਲਾਸਟਿਕ ਨੂੰ ਰੀਸਾਈਕਲ ਕਰਨਾ ਹੈ।
ਇਸ ਲਈ, ਹਰ ਮੁਹੱਲੇ ਵਿੱਚ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਸਕੂਲਾਂ, ਕਾਲਜਾਂ ਅਤੇ ਬਾਜ਼ਾਰਾਂ ਵਿੱਚ ਵੱਖ-ਵੱਖ ਸਫ਼ਾਈ ਪ੍ਰੋਗਰਾਮ ਕੀਤੇ ਜਾ ਰਹੇ ਹਨ।
ਨਗਰ ਨਿਗਮ ਪਟਿਆਲਾ ਵੱਲੋਂ ਪਲਾਸਟਿਕ ਨੂੰ ਰੀਸਾਈਕਲ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਰੀਸਾਈਕਲ ਕੈਫੇ ਇਸ ਮੁਹਿੰਮ ਦਾ ਹਿੱਸਾ ਹੈ। ਪਟਿਆਲਾ ਸ਼ਹਿਰ ਵਿੱਚ ਪੈਦਾ ਹੋਣ ਵਾਲੇ ਪਲਾਸਟਿਕ ਨੂੰ ਵੱਧ ਤੋਂ ਵੱਧ ਰੀਸਾਈਕਲ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਵਿੱਚ ਸ਼ਹਿਰ ਵਾਸੀਆਂ ਦਾ ਭਰਪੂਰ ਸਾਥ ਮਿਲ ਰਿਹਾ ਹੈ। ਇਸ ਮੌਕੇ ਚ ਸੈਨੇਟਰੀ ਇੰਸਪੈਕਟਰ ਇੰਦਰਜੀਤ ਸਿੰਘ, ਮੋਹਿਤ ਜਿੰਦਲ, ਰਿਸ਼ਭ ਗੁਪਤਾ, ਕਮਯੂਨਿਟੀ ਫੈਸੀਲੀਟੈਟਰ ਜਵਾਲਾ ਸਿੰਘ, ਮਨਦੀਪ ਸਿੰਘ ਸਮੇਤ ਨਗਰ ਨਿਗਮ ਸਟਾਫ਼ ਮੌਜੂਦ ਸੀ।