ਡਿਪਟੀ ਕਮਿਸ਼ਨਰ ਨੇ ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ
-ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਵਾਂਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ
-ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ ‘ਚ ਮਸ਼ੀਨਰੀ ਉਪਲਬੱਧ : ਡਿਪਟੀ ਕਮਿਸ਼ਨਰ
-ਕਿਹਾ, ਕਿਸਾਨ ਨੂੰ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਬਾਰੇ ਦਿੱਤੀ ਜਾਵੇ ਜਾਣਕਾਰੀ
– ਪਿੰਡ ਪੱਧਰ ‘ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਪਟਿਆਲਾ, 19 ਸਤੰਬਰ 2024 : ਪਟਿਆਲਾ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿੰਡ ਪੱਧਰ ‘ਤੇ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਹਨ। ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਲੈਜ਼ ਲੈਵਲ ਅਫ਼ਸਰ ਤੇ ਕਲੱਸਟਰ ਅਫ਼ਸਰਾਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਮੁਲਾਜ਼ਮ ਆਪਣੇ ਅਧੀਨ ਆਉਂਦੇ ਪਿੰਡਾਂ ਸਬੰਧੀ ਪੂਰੀ ਜਾਣਕਾਰੀ ਰੱਖੇ ਅਤੇ ਇਹ ਵੀ ਲਿਸਟ ਉਸ ਪਾਸ ਹੋਵੇ ਕਿ ਕਿਹੜੇ ਖੇਤ ਵਿੱਚ ਕਿਸ ਦਿਨ ਵਾਢੀ ਹੋਣੀ ਹੈ, ਤਾਂ ਜੋ ਕਿਸਾਨ ਨੂੰ ਮਸ਼ੀਨਰੀ ਸਮੇਂ ਸਿਰ ਉਪਲਬੱਧ ਕਰਵਾਈ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਤੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਉਹ ਖੁਦ ਕਲੱਸਟਰ ਲੈਵਲ ਤੇ ਵਿਲੇਜ਼ ਲੈਵਲ ਅਫ਼ਸਰਾਂ ਨੂੰ ਫ਼ੋਨ ਕਰਕੇ ਪਿੰਡ ਵਿੱਚ ਉਪਲਬੱਧ ਮਸ਼ੀਨਰੀ ਅਤੇ ਸੰਪਰਕ ਨੰਬਰਾਂ ਸਬੰਧੀ ਜਾਣਕਾਰੀ ਲੈਣਗੇ ਇਸ ਲਈ ਹਰੇਕ ਵਿਲੇਜ਼ ਲੈਵਲ ਅਫ਼ਸਰ ਤੇ ਕਲੱਸਟਰ ਅਫ਼ਸਰ ਆਪਣੇ ਅਧੀਨ ਪੈਂਦੇ ਪਿੰਡਾਂ ਦੀ ਸਾਰੀ ਜਾਣਕਾਰੀ ਆਉਂਦੇ ਇਕ ਹਫ਼ਤੇ ਵਿੱਚ ਪ੍ਰਾਪਤ ਕਰੇ ਤਾਂ ਜੋ ਵਾਢੀ ਸੀਜ਼ਨ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਤਾਇਨਾਤ ਸਟਾਫ਼ ਨੂੰ ਖੇਤੀ ਮਸ਼ੀਨਰੀ ਸਬੰਧੀ ਵੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਲਈ ਸਟਾਫ਼ ਖੁਦ ਹਰੇਕ ਮਸ਼ੀਨ ਸਬੰਧੀ ਜਾਣਕਾਰੀ ਰੱਖੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਕਰਨ ਲਈ ਮਸ਼ੀਨਰੀ ਉਪਲਬੱਧ ਹੈ ਤੇ ਸਿਰਫ਼ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਮਸ਼ੀਨਰੀ ਉਪਲਬੱਧ ਹੋ ਜਾਵੇਗੀ ਤਾਂ ਅੱਗ ਲਗਾਉਣ ਦੀ ਸਮੱਸਿਆ ਆਪਣੇ ਆਪ ਹੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਲਈ ਵਟਸਐਪ ਗਰੁੱਪ, ਜਾਗਰੂਕਤਾ ਕੈਂਪ ਸਮੇਤ ਇਕ ਚੈਟ ਬੋਟ ਵੀ ਬਣਾਇਆ ਜਾ ਰਿਹਾ ਹੈ ਜਿਥੋ ਉਹ ਆਪਣੇ ਨੇੜੇ ਮੌਜੂਦ ਮਸ਼ੀਨਰੀ ਸਬੰਧੀ ਜਾਣਕਾਰੀ ਲੈ ਸਕਣਗੇ।
ਉਨ੍ਹਾਂ ਐਸ.ਡੀ.ਐਮਜ਼ ਨੂੰ ਵੀ ਪਿੰਡਾਂ ਵਿੱਚ ਖੁਦ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਐਸ.ਡੀ.ਐਮਜ਼ ਰੋਜ਼ਾਨਾ ਪੰਜ ਪਿੰਡਾਂ ‘ਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਅਤੇ ਪਰਾਲੀ ਪ੍ਰਬੰਧਨ ਸਬੰਧੀ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਨੋਡਲ ਅਫ਼ਸਰ ਪਿੰਡ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਤਾਇਨਾਤ ਰਹਿਕੇ ਕਿਸਾਨਾਂ ਨੂੰ ਜਾਗਰੂਕ ਕਰਨਾ ਯਕੀਨੀ ਬਣਾਉਣ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਸੁਰੱਖਿਅਤ ਭਵਿੱਖ ਲਈ ਅਤੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਿਸਾਨ ਪਰਾਲੀ ਪ੍ਰਬੰਧਨ ਲਈ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਵਾਉਣ ‘ਚ ਹਰ ਸੰਭਵ ਮਦਦ ਕਰੇਗਾ ਅਤੇ ਇਸ ਲਈ ਪਿੰਡ ਪੱਧਰ ਤੱਕ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਕਰਨ ਲਈ ਕਿਸਾਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।