ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਲੱਸਟਰ ਅਫ਼ਸਰਾਂ ਅਤੇ ਬਲਾਕ ਅਫਸਰਾਂ ਨੂੰ ਉਨਤ ਕਿਸਾਨ ਐਪ ਦੀ ਦਿੱਤੀ ਗਈ ਸਿਖਲਾਈ
ਫਾਜ਼ਿਲਕਾ, 18 ਸਤੰਬਰ 2024 : ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦੀ ਸੁਯੋਗ ਢੰਗ ਨਾਲ ਸਾਂਭ-ਸੰਭਾਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿ) ਅਮਰਿੰਦਰ ਸਿੰਘ ਮੱਲੀ ਵੱਲੋਂ ਕਲਸਟਰ ਅਫਸਰਾਂ ਅਤੇ ਨੋਡਲ ਅਫਸਰਾਂ ਨੂੰ ਐਪ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਮੋਬਾਈਲ ਐਪ ਨੂੰ ਪਲੇਅ ਸਟੌਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ ਤੇ ਆਪਣੇ ਆਪ ਨੂੰ ਰਜਿਸਟਰ ਕਰਕੇ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਪ ਬਣਾਉਣ ਦਾ ਮੁੱਖ ਉਦੇਸ਼ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਮੌਜ਼ੂਦ ਖੇਤੀ ਮਸ਼ੀਨਰੀ ਦੀ ਮੈਪਿੰਗ ਕਰਨਾ ਹੈ ਤਾਂ ਜੋ ਹਰ ਇੱਕ ਮਸ਼ੀਨ ਨੂੰ ਹਰ ਇੱਕ ਕਿਸਾਨ ਨਾਲ ਜੋੜਿਆ ਜਾ ਸਕੇ। ਇਸ ਐਪ ਰਾਹੀਂ ਕਿਸਾਨ ਆਪਣੇ ਜ਼ਿਲ੍ਹੇ ਵਿੱਚ ਮੌਜੂਦ ਪਰਾਲੀ ਪ੍ਰਬੰਧਨ ਸਬੰਧੀ ਲੋੜੀਂਦੀ ਖੇਤੀ ਮਸ਼ੀਨਰੀ ਦੀ ਬੁਕਿੰਗ ਕਰ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਪਿੰਡ ਪੱਧਰ ‘ਤੇ ਨੋਡਲ ਅਫ਼ਸਰ ਰਾਹੀਂ ਵੀ ਖੇਤੀ ਮਸ਼ੀਨਰੀ ਦੀ ਬੁਕਿੰਗ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਨੋਡਲ ਅਫਸਰਾਂ ਨੂੰ ਸਿਖਲਾਈ ਦੇਣ ਦਾ ਉਦੇਸ਼ ਹੈ ਕਿ ਉਹ ਅੱਗੇ ਜਾ ਸਕੇ ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਐਪ ਨਾਲ ਹੁਣ ਕਿਸਾਨਾਂ ਨੂੰ ਦਫਤਰਾਂ ਵਿੱਚ ਜਾਣ ਦੀ ਲੋੜ ਨਹੀਂ ਹੋਵੇਗੀ ਅਤੇ ਘਰ ਬੈਠੇ ਹੀ ਇਸ ਐਪ ਦੀ ਵਰਤੋਂ ਕਰਕੇ ਮੰਗ ਅਨੁਸਾਰ ਆਪਣੇ ਸੰਦ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਐਪ ਕਿਸਾਨਾਂ ਲਈ ਬਹੁਤ ਵੱਡੀ ਸਹੂਲਤ ਹੋਵੇਗੀ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਕਲਸਟਰ ਅਫਸਰ ਅਤੇ ਬਲਾਕ ਅਫਸਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।