ਡਿਪਟੀ ਕਮਿਸ਼ਨਰ ਵੱਲੋਂ ਜਾਨਵਰਾਂ ਦੇ ਹਮਲੇ ਤੇ ਜਾਨਵਰਾਂ ਕਰਕੇ ਹੁੰਦੇ ਹਾਦਸਿਆਂ ਦੇ ਮੁਆਵਜੇ ਬਾਰੇ ਕਮੇਟੀ ਦੀ ਬੈਠਕ
ਪਟਿਆਲਾ, 18 ਸਤੰਬਰ 2024 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਨਵਰਾਂ ਦੇ ਹਮਲੇ ਤੇ ਜਾਨਵਰਾਂ ਕਰਕੇ ਹੁੰਦੇ ਹਾਦਸਿਆਂ ਦੇ ਮੁਆਵਜੇ ਬਾਰੇ ਕਮੇਟੀ ਦੀ ਬੈਠਕ ਕਰਕੇ ਮੁਆਵਜੇ ਲਈ ਆਏ ਕੇਸਾਂ ਉਪਰ ਵਿਚਾਰ ਕੀਤਾ।
ਉਨ੍ਹਾਂ ਹਦਾਇਤ ਕੀਤੀ ਕਿ ਜਾਨਵਰਾਂ ਦੇ ਹਮਲੇ ਤੇ ਜਾਨਵਰਾਂ ਕਰਕੇ ਹੁੰਦੇ ਹਾਦਸਿਆਂ ਦੇ ਮੁਆਵਜੇ ਦੇ ਕਮੇਟੀ ਦੇ ਸਨਮੁੱਖ ਪੇਸ਼ ਕੀਤੇ ਗਏ ਸਾਰੇ ਕੇਸਾਂ ਦਾ ਨਿਪਟਾਰਾ ‘ਦਾ ਪੰਜਾਬ ਕੰਪਨਸੇਸ਼ਨ ਟੁ ਦਾ ਵਿਕਟਮਜ਼ ਆਫ ਐਨੀਮਲ ਅਟੈਕਸ/ਐਕਸੀਡੈਂਟਸ ਪਾਲਿਸੀ-2023’ ਮੁਤਾਬਕ ਹੀ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪਸ਼ੂਆਂ ਕਰਕੇ ਹੁੰਦੇ ਹਾਦਸਿਆਂ ਵਿੱਚ ਮੁਆਵਜਾ ਕੇਵਲ ਮ੍ਰਿਤਕ ਦੇ ਪਰਿਵਾਰ ਨੂੰ ਹੀ ਨਹੀ ਬਲਕਿ ਜਖ਼ਮੀ ਹੋਏ ਬੰਦੇ ਨੂੰ ਵੀ ਦਿੱਤਾ ਜਾ ਸਕਦਾ ਹੈ। ਬਸ਼ਰਤੇ ਕਿ ਪੀੜਿਤ ਵਿਅਕਤੀ ਪੱਕੇ ਤੌਰ ਉਤੇ ਨਕਾਰਾ ਹੋ ਗਿਆ ਹੋਵੇ, ਜਿਸ ਲਈ ਸਿਵਲ ਸਰਜਨ ਵੱਲੋਂ ਜਾਰੀ ਕੀਤਾ ਸਰਟੀਫਿਕੇਟ ਲੋੜੀਂਦਾ ਹੋਵੇਗਾ ਅਤੇ ਕੇਸ ਸਬੰਧਤ ਐਸ.ਡੀ.ਐਮ. ਵੱਲੋਂ ਤਸਦੀਕ ਮਗਰੋਂ ਆਪਣੀ ਸਿਫ਼ਾਰਿਸ਼ ਨਾਲ ਹੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਿਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਸਬੰਧਤ ਕਾਰਜ ਸਾਧਕ ਅਫ਼ਸਰ, ਬੀ.ਡੀ.ਪੀ.ਓਜ਼ ਆਦਿ ਅਜਿਹੇ ਕੇਸਾਂ ਨੂੰ ਤਸਦੀਕ ਕਰਨ ਸਮੇਂ ਹਰ ਪੱਖ ਉਤੇ ਗੌਰ ਕਰਕੇ ਹੀ ਭੇਜਣ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਨੇ ਕਮੇਟੀ ਦੇ ਕਨਵੀਨਰ ਵਜੋਂ ਮੀਟਿੰਗ ਦੇ ਏਜੰਡੇ ਤੋਂ ਜਾਣੂੰ ਕਰਵਾਇਆ। ਮੀਟਿੰਗ ਦੌਰਾਨ ਸਹਾਇਕ ਡਾਇਰੈਕਟਰ ਡਾ. ਰਜਨੀਕ ਭੌਰਾ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਤੇ ਪੁਲਿਸ ਤੋਂ ਦਲੇਰ ਸਿੰਘ ਵੀ ਮੌਜੂਦ ਸਨ।