ਜ਼ਿਲ੍ਹੇ ਵਿੱਚ 01 ਤੋਂ 19 ਸਾਲ ਦੇ ਬੱਚਿਆਂ ਨੂੰ ਖੁਆਈ ਜਾਵੇਗੀ ਐਲਬੈਂਡਾਜ਼ੋਲ ਦੀ ਗੋਲੀ : ਸਿਵਲ ਸਰਜਨ
ਤਰਨ ਤਾਰਨ, 26 ਅਗਸਤ 2021 : “ਪੇਟ ਦੇ ਕੀੜਿਆਂ ਤੋਂ ਮੁਕਤੀ-ਨਰੋਆ ਭਵਿੱਖ ਸਾਡਾ” ਇਸ ਥੀਮ ਤਹਿਤ ਪੰਜਾਬ ਸਰਕਾਰ ਵਲੋ ਚਲਾਏ ਗਏ ਡੀਵਾਰਮਿੰਗ ਪੋ੍ਰਗਰਾਮ ਤਹਿਤ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਲੜਕੇ ਮੰਡੀ ਵਲਾ ਤਰਨ ਤਾਰਨ ਵਿਖੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋ ਇੱਕ ਬੱਚੇ ਨੂੰ ਐਲਬੈਂਡਾਜ਼ੋਲ ਦੀ ਗੋਲੀ ਖੁਆ ਕੇ ਇਸ ਮੁਹਿੰਮ ਦਾ ਸ਼ੁਭ ਆਰੰਭ ਕੀਤਾ ਗਿਆ।
ਇਸ ਮੌਕੇ ‘ਤੇ ਸੰਬੋਧਨ ਕਰਦਿਆ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਬੱਚਿਆ ਦੇ ਪੇਟ ਵਿਚ ਕੀੜੇ ਆਮ ਰੋਗ ਹੈ, ਪਰ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਕਈ ਬੀਮਾਰੀਆ ਦਾ ਰੂਪ ਧਾਰਨ ਕਰ ਸਕਦਾ ਹੈ।ਇਸ ਲਈ ਸਿਹਤ ਵਿਭਾਗ ਵੱਲੋਂ ਐਲਬੈਂਡਾਜ਼ੋਲ ਦੀ ਗੋਲੀ ਸਕੂਲੀ ਬੱਚਿਆ ਨੂੰ ਖੁਆਈ ਜਾਣੀ ਜ਼ਰੂਰੀ ਹੈ। ਉਨਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਨੂੰ ਖਾਣਾ ਖਾਣ ਤੋਂ ਪਹਿਲਾ ਤੇ ਪਾਖਾਨਾ ਜਾਣ ਤੋਂ ਬਾਅਦ ਹੱਥ ਧੋਣੇ ਬਹੁਤ ਜ਼ਰੁਰੀ ਹੈ ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਕਿਹਾ ਕਿ ਇਸ ਮੁਹਿੰਮ ਤਹਿਤ ਜ਼ਿਲ੍ਹਾ ਤਰਨ ਤਾਰਨ ਦੇ ਲੱਗਭੱਗ 780 ਸਰਕਾਰੀ ਅਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਲਗਭਗ 1,11,354 ਬੱਚੇ, 366 ਪ੍ਰਾਈਵੇਟ ਸਕੂਲਾ ਵਿੱਚ ਲਗਭਗ 1,22,767 ਬੱਚੇ ਅਤੇ 1076 ਆਂਗਨਵਾੜੀ ਸੈਟਰਾਂ ਵਿੱਚ ਲਗਭਗ 53,808 ਬੱਚਿਆ ਨੂੰ ਕਵਰ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੋਰ ਨੇ ਦਸਿਆ ਕਿ ਜਿਹੜੇ ਬੱਚੇ 25 ਅਗਸਤ ਨੂੰ ਰਹਿ ਜਾਣਗੇ, ਉਹਨਾਂ ਨੂੰ 01 ਸਤੰਬਰ, 2021 ਨੂੰ ਦਵਾਈ ਦੁਬਾਰਾ ਖਵਾਈ ਜਾਵੇਗੀ।ਇਸ ਅਵਸਰ ‘ਤੇ ਸਕੂਲ ਦੇ ਪ੍ਰਿੰਸੀਪਲ ਡਾ. ਤਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਜਨੀ ਸ਼ਰਮਾ ਅਤੇ ਆਰ. ਬੀ. ਐਸ. ਕੇ. ਦੀ ਟੀਮ ਦੇ ਮੈਂਬਰ ਵੀ ਹਾਜ਼ਰ ਸਨ।