ਸਵੱਛਤਾ ਹੀ ਸੇਵਾ ਪੰਦਰਵਾੜਾ ਮੁਹਿੰਮ ਦੀ ਵਿਧਾਇਕ ਸਵਨਾ ਤੇ ਏ.ਡੀ.ਸੀ. ਨੇ ਕਰਵਾਈ ਸ਼ੁਰੂਆਤ
– ਲੋਕ ਸਫ਼ਾਈ ਪ੍ਰਤੀ ਸੁਚੇਤ ਹੋ ਕੇ ਸ਼ਹਿਰ ਨੂੰ ਸੁੰਦਰ ਬਣਾਉਣ ਵਿੱਚ ਦੇਣ ਆਪਣਾ ਸਹਿਯੋਗ: ਸਵਨਾ
– ਸਾਫ-ਸਫਾਈ ਦੇ ਉਦੇਸ਼ ਸਦਕਾ ਕਰਵਾਈਆਂ ਜਾਣਗੀਆਂ 2 ਅਕਤੂਬਰ ਤੱਕ ਗਤੀਵਿਧੀਆਂ: ਰਾਕੇਸ਼ ਪੋਪਲੀ
– ਸਫ਼ਾਈ ਸਬੰਧੀ ਜਾਗਰੂਕਤਾ ਪੈਦਾ ਕਰਦੀ ਕੱਢੀ ਗਈ ਰੈਲੀ
ਫਾਜ਼ਿਲਕਾ, 17 ਸਤੰਬਰ 2024 : ਸਾਫ-ਸਫਾਈ ਦੇ ਉਦੇਸ਼ ਨੂੰ ਲੈ ਕੇ ਫਾਜ਼ਿਲਕਾ ਵਿਖੇ ਸਵੱਛਤਾ ਹੀ ਸੇਵਾ ਪੰਦਰਵਾੜਾ ਦੀ ਸੁਰੂਆਤ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਕੇਸ਼ ਕੁਮਾਰ ਪੋਪਲੀ ਨੇ ਹਰੀ ਝੰਡੀ ਦੇ ਕੇ ਸਫ਼ਾਈ ਪੰਦਰਵਾੜੇ ਦੀ ਸ਼ੁਰੂਆਤ ਕਰਵਾਈ। ਇਹ ਸਫਾਈ ਪੰਦਰਵਾੜਾ 2 ਅਕਤੂਬਰ 2024 ਤੱਕ ਮਨਾਇਆ ਜਾਵੇਗਾ ਜਿਸ ਤਹਿਤ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਸਫ਼ਾਈ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਸਵਨਾ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਅਤੇ ਸ਼ਹਿਰ ਦੀ ਸੁੰਦਰਤਾ ਲਈ ਬੂਟੇ ਵੀ ਲਗਾਏ ਗਏ।
ਇਸ ਦੌਰਾਨ ਵਿਧਾਇਕ ਸਵਨਾ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਬੀ.ਆਰ.ਅੰਬੇਦਕਰ ਚੋਂਕ ਤੋਂ ਰੈਲੀ ਕੱਢੀ ਗਈ ਹੈ ਤਾਂ ਜੋ ਲੋਕ ਸੁਚੇਤ ਹੋਣ ਅਤੇ ਆਪਣੇ ਘਰਾਂ ਅੰਦਰ ਅਤੇ ਬਾਹਰ ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਗਿੱਲੇ-ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣ। ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਤਹਿਤ ਫਾਜ਼ਿਲਕਾ ਸ਼ਹਿਰ ਦੇ ਹਰੇਕ ਕੋਨੇ-ਕੋਨੇ ਦੀ ਸਫ਼ਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਸਮੂਹ ਹਾਜ਼ਰੀਨ ਨੂੰ ਸਵੱਛਤਾ ਹੀ ਸੇਵਾ ਥੀਮ ਤਹਿਤ ਸਾਫ-ਸਫਾਈ ਨੂੰ ਯਕੀਨੀ ਬਣਾਉਣ ਲਈ ਸਹੁੰ ਵੀ ਚੁਕਾਈ ਗਈ ਹੈ ਤਾਂ ਜੋ ਹਰੇਕ ਮਨੁੱਖ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖੇ ਤੇ ਸ਼ਹਿਰ ਨੂੰ ਸਾਫ- ਸੁੱਥਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਵੇ।
ਵਧੀਕ ਡਿਪਟੀ ਕਮਿਸ਼ਨਰ (ਜ) ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਸ਼ਹਿਰ ਦੀ ਦਿਖ ਨੂੰ ਸੁਧਾਰਨ ਅਤੇ ਸਾਫ-ਸਫਾਈ ਨੂੰ ਲੈ ਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਵਿਸ਼ੇਸ਼ ਸਫ਼ਾਈ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਰੈਲੀ ਵੀ ਕੱਢੀ ਗਈ ਜਿਸ ਦਾ ਮੁੱਖ ਉਦੇਸ਼ ਆਪਣੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣਾ ਹੈ ਤਾਂ ਜ਼ੋ ਗੰਦਗੀ ਮੁਕਤ ਵਾਤਾਵਰਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਫ-ਸੁਥਰੇ ਵਾਤਾਵਰਣ ਦੀ ਸਿਰਜਣਾ ਨਾਲ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ।
ਇਸ ਮੌਕੇ ਸਿਵਲ ਸਿਰਜਨ ਡਾ.ਐਰਿਕ, ਡਿਪਟੀ ਡੀਈਓ ਸ੍ਰੀ ਪੰਕਜ ਅੰਗੀ, ਨਗਰ ਕੌਂਸਲ ਤੋਂ ਨਾਰੇਸ਼ ਖੇੜਾ, ਨੌਜਵਾਨ ਸਮਾਜ ਸਭਾ ਤੋਂ ਸ੍ਰੀ ਲਵਲੀ ਤੇ ਪੂਰੀ ਟੀਮ, ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਪਵਨ ਕੁਮਾਰ, ਅਰਣ ਵਧਵਾ , ਸੰਜੀਵ ਮੈਣੀ, ਅਮਨ ਦੁਰੇਜਾ, ਬੰਸੀ ਸਾਮਾ ਤੋਂ ਇਲਵਾ ਹੋਰ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।