ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀ ਖਪਤ ਕਰਨ ਵਾਲੀ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਬੈਠਕ
ਫਾਜ਼ਿਲਕਾ 17 ਸਤੰਬਰ 2024 : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਇੱਥੇ ਝੋਨੇ ਦੀ ਪਰਾਲੀ ਦੀ ਖਪਤ ਕਰਨ ਵਾਲੀ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ। ਇਸ ਮੌਕੇ ਉਨਾਂ ਨੇ ਪਰਾਲੀ ਦੀ ਇੰਡਸਟਰੀ ਵਿੱਚ ਵਰਤੋਂ ਕਰਨ ਵਾਲੀ ਇੰਡਸਟਰੀ ਦੇ ਨੁਮਾਇੰਦਿਆਂ ਤੋਂ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਉੱਥੇ ਹੀ ਉਹਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਤੋਂ ਵੱਧ ਤੋਂ ਵੱਧ ਪਰਾਲੀ ਦੀ ਖਰੀਦ ਕਿਸਾਨਾਂ ਤੋਂ ਕੀਤੀ ਜਾਵੇ ਤਾਂ ਜੋ ਝੋਨੇ ਦੀ ਪਰਾਲੀ ਦਾ ਸਹੀ ਨਿਪਟਾਰਾ ਹੋ ਸਕੇ।
ਉਹਨਾਂ ਨੇ ਆਖਿਆ ਕਿ ਜਿਲਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਹਰ ਪ੍ਰਕਾਰ ਨਾਲ ਸਹਿਯੋਗ ਕਰੇਗਾ। ਉਹਨਾਂ ਨੇ ਕਿਹਾ ਕਿ ਜਿੱਥੇ ਕਿਤੇ ਵੀ ਗੱਠਾਂ ਬਣਾਈਆਂ ਜਾਣ ਉੱਥੇ ਗੱਠਾਂ ਦੀ ਲਿਫਟਿੰਗ ਵੀ ਛੇਤੀ ਕਰ ਲਈ ਜਾਵੇ ਤਾਂ ਜੋ ਕਿਸਾਨ ਜਮੀਨ ਵਿਹਲੀ ਹੋਣ ਤੋਂ ਬਾਅਦ ਅਗਲੀ ਫਸਲ ਦੀ ਸਮੇਂ ਸਿਰ ਬਿਜਾਈ ਕਰ ਸਕੇ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਮੱਲੀ ਨੇ ਆਖਿਆ ਕਿ ਜਰੂਰਤ ਅਤੇ ਮੰਗ ਅਨੁਸਾਰ ਪਰਾਲੀ ਸਟੋਰ ਕਰਨ ਲਈ ਥਾਵਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਿੰਦਰ ਸਿੰਘ ਮੱਲੀ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਰਸ਼ਨ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜਨੀਅਰ ਜਸਪਾਲ ਸਿੰਘ, ਐਸ ਡੀ ਓ ਵਿਸ਼ਵਾਸ ਕੁਮਾਰ, ਖੇਤੀਬਾੜੀ ਅਫਸਰ ਮਮਤਾ ਵੀ ਹਾਜ਼ਰ ਸਨ।