ਪੰਜਾਬ ਸਰਕਾਰ ਵੱਲੋਂ 2.36 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਹਰਗੋਬਿੰਦਪੁਰ ਵਿਖੇ ਬਣਾਇਆ ਜਾ ਰਿਹਾ ਨਵਾਂ ਬੱਸ ਅੱਡਾ
ਬਟਾਲਾ, 26 ਅਗਸਤ 2021 : ਪੰਜਾਬ ਦਾ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਸ੍ਰੀ ਹਰਗੋਬਿੰਦਪੁਰ ਜੋ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਸਪੁੱਤਰ ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਮ ਉੱਪਰ ਵਸਾਇਆ ਹੋਇਆ ਹੈ, ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਯਤਨ ਜਾਰੀ ਹਨ। ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਦੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ 2.36 ਕਰੋੜ ਰੁਪਏ ਖਰਚ ਕਰਕੇ ਇਥੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਨਵੇਂ ਬੱਸ ਅੱਡੇ ਦੀ ਉਸਾਰੀ ਕੀਤੀ ਜਾ ਰਹੀ ਹੈ ਜੋ ਸ਼ਹਿਰ ਵਾਸੀਆਂ ਸਮੇਤ ਪੂਰੇ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ।
ਸ੍ਰੀ ਹਰਗੋਬਿੰਦਪੁਰ ਵਿਖੇ ਬਣ ਰਹੇ ਨਵੇਂ ਬੱਸ ਅੱਡੇ ਬਾਰੇ ਗੱਲ ਕਰਦਿਆਂ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਅਜ਼ਾਦੀ ਦੇ 7 ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਅਦ ਵੀ ਇਸ ਪਵਿੱਤਰ ਸ਼ਹਿਰ ਵਿੱਚ ਕੋਈ ਬੱਸ ਅੱਡਾ ਨਹੀਂ ਸੀ ਅਤੇ ਉਨ੍ਹਾਂ ਨੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਾਂਗਰਸ ਸਰਕਾਰ ਦੌਰਾਨ ਇਥੇ ਬੱਸ ਅੱਡਾ ਜਰੂਰ ਬਣਾ ਕੇ ਦੇਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੇ ਉਹ ਵਿਸ਼ੇਸ਼ ਤੌਰ ’ਤੇ ਧੰਨਵਾਦੀ ਹਨ ਜਿਨ੍ਹਾਂ ਨੇ ਨਾ ਸਿਰਫ ਸ੍ਰੀ ਹਰਗੋਬਿੰਦਪੁਰ ਵਿਖੇ ਬੱਸ ਅੱਡੇ ਨੂੰ ਮਨਜ਼ੂਰ ਕੀਤਾ ਬਲਕਿ ਇਸ ਲਈ 2.36 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਵੀ ਜਾਰੀ ਕੀਤੀ।
ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਵਿਖੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਕੁਝ ਮਹੀਨਿਆਂ ਤੱਕ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਦਾ ਬੱਸ ਅੱਡਾ ਸ਼ਹਿਰ ਵਾਸੀਆਂ ਲਈ ਬਹੁਤ ਵੱਡੀ ਸਹੂਲਤ ਸਾਬਤ ਹੋਵੇਗਾ ਅਤੇ ਇਥੋਂ ਹੋਰ ਸ਼ਹਿਰਾਂ ਅਤੇ ਰਾਜਾਂ ਨੂੰ ਬੱਸਾਂ ਚੱਲਣਗੀਆਂ, ਜਿਸ ਨਾਲ ਸ੍ਰੀ ਹਰਗੋਬਿੰਦਪੁਰ ਵਿਖੇ ਲੋਕਾਂ ਦੀ ਆਮਦ ਵਧੇਗੀ।
ਉਨ੍ਹਾਂ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਧਾਰਮਿਕ ਤੇ ਇਤਿਹਾਸਕ ਪੱਖ ਤੋਂ ਬਹੁਤ ਅਹਿਮ ਹੈ ਅਤੇ ਇਸ ਸ਼ਹਿਰ ਦਾ ਵਿਕਾਸ ਕਰਨ ਦੇ ਨਾਲ ਇਸਦੇ ਵਿਰਾਸਤੀ ਪੱਖ ਨੂੰ ਉਭਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਵੱਲੋਂ ਬਣਾਈ ਗੁਰੂ ਕੀ ਮਸੀਤ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਅਤੇ ਸ਼ਹਿਰ ਵਿੱਚ ਬਣੇ ਵੱਖ-ਵੱਖ ਮੰਦਰ ਸਰਬ-ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਮਿਸਲਾਂ ਦੌਰਾਨ ਸ੍ਰੀ ਹਰਗੋਬਿੰਦਪੁਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਰਾਜਧਾਨੀ ਵੀ ਰਿਹਾ ਹੈ ਅਤੇ ਇਸ ਇਤਿਹਾਸਕ ਪੱਖ ਨੂੰ ਵੀ ਉਭਾਰਿਆ ਜਾਵੇਗਾ।
ਵਿਧਾਇਕ ਸ. ਲਾਡੀ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਕੈਪਟਨ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਰਿਕਾਰਡ ਵਿਕਾਸ ਹੋਏ ਹਨ ਅਤੇ ਹਲਕੇ ਦੇ ਹਰ ਪਿੰਡ ਵਿੱਚ ਅਜੇ ਵੀ ਕੋਈ ਨਾ ਕੋਈ ਵਿਕਾਸ ਕਾਰਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਪੱਖ ਤੋਂ ਲੋਕ ਕੈਪਟਨ ਸਰਕਾਰ ਦੇ ਇਸ ਕਾਰਜਕਾਲ ਨੂੰ ਹਮੇਸ਼ਾਂ ਯਾਦ ਰੱਖਣਗੇ।