ਪੰਜਾਬ ਲਿਟ ਫਾਉਂਡੇਸ਼ਨ ਨੇ ਨਸ਼ੇ ਦੇ ਵੱਧਦੇ ਖਤਰੇ ਨਾਲ ਨਿਪਟਣ ਲਈ ’ਮਦਰਸ ਅਗੇਂਸਟ ਡਰੱਗਜ’ ਦੀ ਸ਼ੁਰੂਆਤ ਕੀਤੀ
– ਮਾਵਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਲਈ ਸ਼ਕਤੀਕਰਨ ਦੀ ਕੀਤੀ ਪਹਿਲ
ਹੁਸ਼ਿਆਰਪੁਰ, 15 ਸਤੰਬਰ 2024 : ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਲਿਟ ਫਾਉਂਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਇਕ ਮਹੱਤਵਪੂਰਨ ਪਹਿਲ ’ਮਦਰਸ ਅਗੇਂਸਟ ਡਰੱਗਜ’ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੀ ਅਗਵਾਈ ਲੇਖਕ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਅਤੇ ਰਾਸ਼ਟਰੀ ਮਹਿਲਾ ਆਯੋਗ ਦੀ ਮੀਡੀਆ ਸਲਾਹਕਾਰ ਸਨਾ ਕੌਸ਼ਲ ਦੁਆਰਾ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਪੰਜਾਬ ਦੀਆਂ ਮਾਵਾਂ ਨੂੰ ਸੰਗਠਿਤ ਅਤੇ ਸ਼ਕਤੀਕਰਨ ਬਣਾਉਣਾ ਹੈ, ਤਾਂ ਜੋ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਆਦਤ ਤੋਂ ਬਚਾ ਸਕਣ।
ਇਸ ਮੁਹਿੰਮ ਦਾ ਉਦਘਾਟਨ ਬੁਲੋਵਾਲ ਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਵਿਚ ਹੋਇਆ, ਜਿਥੇ ਵੱਡੀ ਗਿਣਤੀ ਵਿਚ ਮਾਵਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿਚ ਉਨ੍ਹਾਂ ਨੇ ਨਸ਼ਿਆਂ ਦੀ ਸ਼ੁਰੂਆਤ ਦੇ ਸੰਕੇਤਾਂ ਨੂੰ ਪਹਿਚਾਨਣਾ ਅਤੇ ਸਮੇਂ ਰਹਿੰਦੇ ਪ੍ਰਭਾਵਸ਼ਾਲੀ ਦਖਲਅੰਦਾਜੀ ਕਰਨ ਲਈ ਸਿਖਲਾਈ ਅਤੇ ਪ੍ਰੇਰਿਤ ਕੀਤਾ ਗਿਆ।
ਇਸ ਪਹਿਲਕਦਮੀ ਦੀ ਨਿਰਦੇਸ਼ਕ ਸਨਾ ਕੌਸ਼ਲ ਨੇ ਰਾਜ ਪੱਧਰੀ ਉਦੇਸ਼ਾਂ ਨੂੰ ਰੂਪ ਰੇਖਾ ਦੱਸਦਿਆ ਕਿਹਾ ਕਿ ਸਾਡਾ ਮਿਸ਼ਨ ਪੰਜਾਬ ਦੀਆਂ ਮਾਵਾਂ ਨੂੰ ਨਸ਼ਿਆਂ ਖਿਲਾਫ਼ ਇਸ ਲੜਾਈ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਸਿਖਿਅਤ ਅਤੇ ਸਮਰੱਥ ਬਣਾਉਣਾ ਹੈ। ਅਸੀਂ ਰਾਜ ਭਰ ਵਿਚ ਇਸੇ ਤਰ੍ਹਾਂ ਦੇ ਹੋਰ ਵੀ ਪ੍ਰੋਗਰਾਮ ਆਯੋਜਿਤ ਕਰਾਂਗੇ ਤਾਂ ਜੋ ਹਰ ਮਾਂ ਕੋਲ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਜਾਣਕਾਰੀ ਅਤੇ ਉਪਕਰਨ ਹੋਣ। ਉਨ੍ਹਾਂ ਕਿਹਾ ਕਿ ਮਾਵਾਂ ਅਸਲ ਵਿਚ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਆਦਤ ਤੋਂ ਬਚਾਉਣ ਵਿਚ ਪਹਿਲੀ ਲਾਈਨ ਦੀ ਭੂਮਿਕਾ ਨਿਭਾ ਸਕਦੀਆਂ ਹਨ।
ਦਿੱਲੀ ਦੇ ਬਾਡੀ ਲੈਂਗਵੇਜ ਮਾਹਿਰ ਗੌਰਵ ਗਿੱਲ ਨੇ ਮਾਵਾਂ ਨੂੰ ਨਸ਼ਿਆਂ ਦੀ ਆਦਤ ਦੇ ਸੰਕੇਤਾਂ ਨੂੰ ਪਹਿਚਾਨਣ ਦੇ ਵੱਖ-ਵੱਖ ਤਰੀਕਿਆਂ ’ਤੇ ਇਕ ਪੇਸ਼ਕਾਰੀ ਦਿੱਤੀ। ਗੁਰਦਾਸਪੁਰ ਦੇ ਪੰਕਜ ਮਹਾਜਨ ਨੇ ਆਪਣੇ ਨਸ਼ਿਆਂ ਦੇ ਅਨੁਭਵ ਅਤੇ ਆਪਣੀ ਮਾਂ ਦੀ ਮਦਦ ਨਾਲ ਉਸ ਤੋਂ ਬਾਹਰ ਨਿਕਲਣ ਦੀ ਕਹਾਣੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਹ ਹੈਰੀਇਨ (ਜਿਸ ਨੂੰ ਚਿੱਟਾ ਵੀ ਕਿਹਾ ਜਾਂਦਾ ਹੈ) ਖਰੀਦਣ ਲਈ 2 ਲੱਖ ਰੁਪਏ ਤੱਕ ਖਰਚ ਕਰ ਚੁੱਕਾ ਸੀ।
’ਮਦਰਸ ਅਗੇਂਸਟ ਡਰੱਗਜ’ ਮੁਹਿੰਮ ਤਹਿਤ ਰਾਜ ਭਰ ਵਿਚ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ, ਜਿਥੇ ਮਾਵਾਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਵਿਵਹਾਰ ਵਿਚ ਬਦਆਅ ਨੂੰ ਪਹਿਚਾਨਣ, ਸਮੇਂ ਸਿਰ ਚਿੰਤਾਵਾਂ ਨੂੰ ਦੂਰ ਕਰਨ ਅਤੇ ਇਕ ਸਹਾਇਕ ਘਰੇਲੂ ਮਾਹੌਲ ਬਣਾਉਣ ਲਈ ਵਿਵਹਾਰਕ ਮਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ। ਕਿਉਂਕਿ ਨਸ਼ੇ ਦੀ ਆਦਤ ਦੇ ਮਾਮਲੇ 14 ਤੋਂ 24 ਸਾਲ ਦੀ ਉਮਰ ਦਰਮਿਆਨ ਆਮਤੌਰ ’ਤੇ ਸਾਹਮਣੇ ਆਉਂਦੇ ਹਨ, ਫਾਉਂਡੇਸ਼ਨ 13 ਤੋਂ 18 ਸਾਲ ਦੇ ਬੱਚਿਆਂ ਦੀਆਂ ਮਾਵਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਲਈ ਉਤਸ਼ਾਹਿਤ ਕਰ ਰਿਹਾ ਹੈ।
ਪੁਲਿਸ ਵਲੋਂ ਐਸ.ਪੀ. ਪੀ ਆਈ ਬੀ ਮੇਜਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਭਾਈਚਾਰੇ ਵਿਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਹੈਲਪਲਾਈਨ ਨੰਬਰ ਉਪਲਬੱਧ ਹੈ, ਜੋ ਨੌਜਵਾਨਾਂ ਦੀ ਸੁਰੱਖਿਆ ਲਈ ਸੁਰੱਖਿਆ ਜਾਲ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਅਮਰਜੈਂਸੀ ਨੰਬਰ ਵੀ ਸਾਂਝਾ ਕੀਤਾ, ਜੋ ਕਿ ਮਾਵਾਂ ਨੂੰ ਆਪਣੇ ਇਲਾਕੇ ਵਿਚ ਕਿਸੇ ਦੇ ਡਰੱਗ ਵੇਚਣ ਦੀ ਸ਼ੰਕਾ ਹੋਵੇ, ਤਾਂ ਉਹ ਤੁਰੰਤ ਮਦਦ ਲੈ ਸਕਣ।
ਪੰਜਾਬ ਲਿਟ ਫਾਉਂਡੇਸ਼ਨ ਰਾਜ ਭਰ ਦੇ ਵਿਧਾਇਕਾਂ, ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਦੇ ਸੀਨੀਅਰ ਅਫ਼ਸਰਾਂ ਨਾਲ ਸੰਪਰਕ ਕਰ ਰਿਹਾ ਹੈ, ਤਾਂ ਜੋ ਉਹ ਇਸ ਪਹਿਲ ਨੂੰ ਆਪਣੇ ਜ਼ਿਲ੍ਹੇ ਵਿਚ ਅਪਨਾਉਣ ਅਤੇ ਇਸ ਦਾ ਪ੍ਰਚਾਰ ਕਰਨ।
ਖੁਸ਼ਵੰਤ ਸਿੰਘ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਅਭਿਆਨ ਇਕ ਲੋਕ ਅੰਦੋਲਨ ਬਣੇ, ਜੋ ਪੂਰੇ ਰਾਜ ਵਿਚ ਫੈਲੇ ਅਤੇ ਪੰਜਾਬ ਦੀ ਹਰ ਮਾਂ ਨੂੰ ਨਸ਼ਿਆਂ ਖਿਲਾਫ਼ ਇਕ ਸਿਪਾਹੀ ਬਣਾਉਣ। ਅਸੀਂ ਹੁਣ ਤੱਕ ਇਸ ਪ੍ਰੋਜੈਕਟ ਦਾ ਖੁਦ ਫੰਡ ਕੀਤਾ ਹੈ, ਪਰੰਤੂ ਸਾਨੂੰ ਆਸ ਹੈ ਕਿ ਹੋਰ ਲੋਕ ਵੀ ਇਸ ਮਹੱਤਵਪੂਰਨ ਮਿਸ਼ਨ ਵਿਚ ਸਾਡੇ ਨਾਲ ਜੋੜਨਗੇ।