ਪਟਿਆਲਾ ਜ਼ਿਲ੍ਹੇ ਦੇ 9 ਅਧਿਆਪਕਾਂ ਨੂੰ ਸਟੇਟ ਅਵਾਰਡ ਹਾਸਲ ਹੋਣਾ ਜ਼ਿਲ੍ਹੇ ਦੀ ਵੱਡੀ ਪ੍ਰਾਪਤੀ- ਸ਼ੌਕਤ ਅਹਿਮਦ ਪਰੇ

0
– ਡਿਪਟੀ ਕਮਿਸ਼ਨਰ ਨੇ ਸਟੇਟ ਅਵਾਰਡੀ ਅਧਿਆਪਕਾਂ ਨਾਲ ਮੁਲਾਕਾਤ ਕਰਕੇ ਦਿੱਤੀ ਸ਼ਾਬਾਸ਼
– ਕਿਹਾ, ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ‘ਚ ਵਿਸ਼ਵਾਸ਼ ਬਹਾਲ ਰੱਖਣ ਲਈ ਅਧਿਆਪਕਾਂ ਦੀ ਜ਼ਿੰਮੇਵਾਰੀ ਅਹਿਮ
ਪਟਿਆਲਾ, 10 ਸਤੰਬਰ 2024 :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਧਿਆਪਕ ਦਿਵਸ ਮੌਕੇ ਰਾਜ ਦੇ ਅਧਿਆਪਕਾਂ ਨੂੰ ਸਟੇਟ ਅਵਾਰਡ ਪ੍ਰਦਾਨ ਕੀਤੇ ਗਏ, ਇਨ੍ਹਾਂ ਵਿੱਚੋਂ 9 ਅਧਿਆਪਕ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹੋਣਾ ਜ਼ਿਲ੍ਹੇ ਦੀ ਵੱਡੀ ਤੇ ਮਾਣਮੱਤੀ ਪ੍ਰਾਪਤੀ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਇਨ੍ਹਾਂ ਅਧਿਆਪਕਾਂ ਨਾਲ ਮੁਲਾਕਾਤ ਕਰਨ ਸਮੇਂ ਕੀਤਾ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਮੂਹ ਅਧਿਆਪਕਾਂ ਨੂੰ ਸ਼ਾਬਾਸ਼ ਦਿੰਦਿਆਂ ਸੱਦਾ ਦਿੱਤਾ ਕਿ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਬਹਾਲ ਕਰਨਾ ਅਧਿਆਪਕਾਂ ਸਿਰ ਅਹਿਮ ਜਿੰਮੇਵਾਰੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਸਮੂਹ ਅਧਿਆਪਕ ਇਸ ਨੂੰ ਬਾਖ਼ੂਬੀ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਸਬੂਤ ਜ਼ਿਲ੍ਹੇ ਦੇ 9 ਅਧਿਆਪਕਾਂ ਨੂੰ ਰਾਜ ਪੱਧਰੀ ਪੁਰਸਕਾਰ ਨਾਲ ਮੁੱਖ ਮੰਤਰੀ ਵੱਲੋਂ ਸਨਮਾਨਤ ਕਰਨਾ ਹੈ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜਿਸ ਤਰ੍ਹਾਂ ਬਿਹਤਰ ਸਿੱਖਿਆ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਉਸਦੇ ਮੱਦੇਨਜ਼ਰ ਸਟੇਟ ਅਵਾਰਡੀ ਅਧਿਆਪਕ ਆਪਣੇ ਸਕੂਲਾਂ ਵਿੱਚ ਸਿੱਖਿਆ ਲਈ ਹੋਰ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਤਜਵੀਜਾਂ ਬਣਾਉਣ, ਜਿਸ ਲਈ ਲੋੜੀਂਦੇ ਫੰਡ ਤੁਰੰਤ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਨੇ ਸਾਰੇ ਸਕੂਲਾਂ ਨੂੰ ਗਰੀਨ ਸਕੂਲ ਬਣਾਉਣ ‘ਤੇ ਵੀ ਜ਼ੋਰ ਦਿੱਤਾ।
ਸਟੇਟ ਅਵਾਰਡੀ ਅਧਿਆਪਕਾਂ ਵਿੱਚ ਭਗਵਾਨਪੁਰ ਜੱਟਾਂ ਸਕੂਲ ਦੇ ਪ੍ਰਿੰਸੀਪਲ ਮਨੋਹਰ ਲਾਲ, ਭਾਦਸੋਂ-2 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਜੀਤ ਸਿੰਘ, ਫ਼ਤਿਹਗੜ੍ਹ ਛੰਨਾ ਸਕੂਲ ਦੇ ਅੰਗਰੇਜੀ ਲੈਕਚਰਾਰ ਕੋਮਲਪ੍ਰੀਤ ਕੌਰ, ਥੂਹੀ ਸਕੂਲ ਦੇ ਹੈਡਮਿਸਟ੍ਰੈਸ ਪਰਮਜੀਤ ਕੌਰ, ਸਿਵਲ ਲਾਈਨ ਸਕੂਲ ਦੇ ਸਾਇੰਸ ਅਧਿਆਪਕਾ ਗਗਨਦੀਪ ਕੌਰ, ਮਾਡਲ ਟਾਊਨ ਸੈਂਟਰ ਹੈਡ ਟੀਚਰ ਜਸਪ੍ਰੀਤ ਕੌਰ, ਲੌਟ ਸਕੂਲ ਦੇ ਆਈ.ਟੀ. ਸਹਾਇਕ ਟੀਚਰ ਨਰਿੰਦਰ ਸਿੰਘ, ਅਲੀਪੁਰ ਅਰਾਈਆਂ ਸਕੂਲ ਦੇ ਈ.ਟੀ.ਟੀ. ਅਧਿਆਪਕਾ ਅਨੀਤਾ ਅਤੇ ਉਲਾਣਾ ਸਕੂਲ ਦੇ ਪੀ.ਟੀ.ਆਈ. ਅਧਿਆਪਕ ਜਸਵਿੰਦਰ ਸਿੰਘ ਨੂੰ ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦਿੱਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਸੰਜੀਵ ਸ਼ਰਮਾ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਅ.ਸ) ਸ਼ਾਲੂ ਮਹਿਰਾ, ਡਿਪਟੀ ਡੀ.ਈ.ਓ. ਡਾ. ਰਵਿੰਦਰਪਾਲ ਸਿੰਘ ਤੇ ਮਨਵਿੰਦਰ ਕੌਰ ਭੁੱਲਰ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *