ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਨੌਜ਼ਵਾਨਾਂ ਨੂੰ ਸਿਖਲਾਈ ਦੇਣ ਲਈ ਸਥਾਪਿਤ ਕਰੇਗੀ ਕੰਪਿਊਟਰ ਸੈਂਟਰ
ਫਾਜਿ਼ਲਕਾ, 26 ਅਗਸਤ 2021 : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਅਤੇ ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਦੇ ਚੇਅਰਮੈਨ ਸ: ਅਰਵਿੰਦ ਪਾਲ ਸਿੰਘ ਸੰਧ ਦੀ ਅਗਵਾਈ ਵਿਚ ਰੈਡ ਕ੍ਰਾਸ ਸੁਸਾਇਟੀ ਫਾਜਿ਼ਲਕਾ ਦੀ ਕਾਰਜਕਾਰਨੀ ਦੀ ਵਿਸੇਸ਼ ਬੈਠਕ ਰੈਡ ਕ੍ਰਾਸ ਭਵਨ ਵਿਖੇ ਹੋਈ।
ਇਸ ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਰੈਡ ਕ੍ਰਾਸ ਸਮਾਜ ਸੇਵਾ ਪ੍ਰਤੀ ਆਪਣੇ ਫਰਜਾਂ ਨੂੰ ਪਹਿਚਾਣਦਿਆਂ ਇਕ ਕੰਪਿਊਟਰ ਸੈਂਟਰ ਸਥਾਪਿਤ ਕਰੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੈਂਟਰ ਤੋਂ ਲੋੜਵੰਦ ਨੌਜਵਾਨ ਬਹੁਤ ਹੀ ਮਾਮੂਲੀ ਫੀਸ ਤੇ ਕੰਪਿਊਟਰ ਕੋਰਸ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਹੁਨਰ ਵਿਕਾਸ ਨਾਲ ਇਹ ਨੌਜਵਾਨ ਨੌਕਰੀਆਂ ਦੇ ਯੋਗ ਹੋ ਸਕਣਗੇ ਜਦ ਕਿ ਆਪਣੇ ਪੱਧਰ ਤੇ ਵੀ ਕਈ ਪ੍ਰਕਾਰ ਦੇ ਕੰਮ ਇਹ ਨੌਜਵਾਨ ਕਰ ਸਕਣਗੇ।ਉਨ੍ਹਾਂ ਨੇ ਇਸ ਸਬੰਧੀ ਸਾਰੀ ਕਾਰਵਾਈ ਜਲਦ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਇਸੇ ਤਰਾਂ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਗੇ ਦੱਸਿਆ ਕਿ ਰੈਡ ਕ੍ਰਾਸ ਸੁਸਾਇਟੀ ਵੱਲੋਂ ਨੌਜ਼ਵਾਨਾਂ ਨੂੰ ਫਸਟ ਏਡ ਦੀ ਦਿੱਤੀ ਜਾਂਦੀ ਸਿਖਲਾਈ ਪਹਿਲਾਂ ਕੋਵਿਡ ਕਾਰਨ ਬੰਦ ਸੀ ਪਰ ਹੁਣ ਇਹ ਸਹੂਤਲ ਰੈਡ ਕ੍ਰਾਸ ਵੱਲੋਂ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਸਬੰਧੀ ਜਿ਼ਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਫਸਟ ਏਡ ਸਿਖਲਾਈ ਦਾ ਸੱਤ ਦਿਨਾਂ ਦਾ ਕੋਰਸ ਕਰਨ ਲਈ ਰੈਡ ਕ੍ਰਾਸ ਦਫ਼ਤਰ ਫਾਜਿ਼ਲਕਾ ਨਾਲ ਰਾਬਤਾ ਕਰ ਸਕਦੇ ਹਨ।
ਇਸ ਮੌਕੇ ਰੈਡ ਕ੍ਰਾਸ ਦੇ ਹੋਰ ਸਮਾਜ ਭਲਾਈ ਕੰਮਾਂ ਜਿਵੇਂ ਕਿ ਸਾਡੀ ਰਸੋਈ ਅਤੇ ਪ੍ਰਯਾਸ ਸਕੂਲ ਦੀ ਬਿਹਤਰੀ ਲਈ ਵੀ ਵਿਚਾਰਾਂ ਕੀਤੀਆਂ ਗਈਆਂ। ਬੈਠਕ ਵਿਚ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਮਾਨ, ਨਾਇਬ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਸਕੱਤਰ ਰੈਡ ਕ੍ਰਾਸ ਸ੍ਰੀ ਵਿਜੈ ਸੇਤੀਆ, ਐਸਐਮਓ ਡਾ: ਸੁਧੀਰ ਪਾਠਕ, ਡਾ: ਕਵਿਤਾ, ਡਿਪਟੀ ਡੀਈਓ ਅੰਜੂ ਸੇਠੀ ਵੀ ਹਾਜ਼ਰ ਸਨ।