‘ਖੇਡਾਂ ਵਤਨ ਪੰਜਾਬ ਦੀਆ-2024’ ਜ਼ਿਲ੍ਹੇ ‘ਚ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ

0
– ਬਲਾਕ ਹੁਸ਼ਿਆਰਪੁਰ-1, ਹਾਜੀਪੁਰ ਤੇ ਦਸੂਹਾ ‘ਚ ਹੋਏ ਖੇਡ ਮੁਕਾਬਲੇ
– ਬਰਸਾਤ ਦੇ ਕਾਰਨ ਬਲਾਕ ਭੂੰਗਾ ਤੇ ਮਾਹਿਲਪੁਰ ‘ਚ 7 ਤੇ 8 ਸਤੰਬਰ ਨੂੰ ਹੋਣਗੇ ਖੇਡ ਮੁਕਾਬਲੇ
ਹੁਸ਼ਿਆਰਪੁਰ, 6 ਸਤੰਬਰ 2024 : ਜ਼ਿਲ੍ਹੇ ਵਿਚ ‘ਖੇਡਾਂ ਵਤਨ ਪੰਜਾਬ ਦੀਆ-2024’ ਤਹਿਤ ਬਲਾਕ ਪੱਧਰੀ ਮੁਕਾਬਲਿਆਂ ਦਾ ਦੂਜਾ ਪੜਾਅ ਅੱਜ ਸ਼ੁਰੂ ਹੋ ਗਿਆ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੀਂਹ ਕਾਰਨ ਹੁਣ ਬਲਾਕ ਮਾਹਿਲਪੁਰ ਅਤੇ ਭੂੰਗਾ ਵਿਚਕਾਰ ਮੈਚ 7 ਅਤੇ 8 ਸਤੰਬਰ ਨੂੰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਬਲਾਕ ਹੁਸ਼ਿਆਰਪੁਰ-1 ਵਿਚ ਹੋਏ ਮੁਕਾਬਲਿਆਂ ਵਿਚ ਅੰਡਰ-21 ਲੜਕੇ ਅਥਲੈਟਿਕਸ ਵਿਚ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਦੇ ਮੋਹਿਤ ਕੁਮਾਰ ਨੇ 1500 ਮੀਟਰ ਦੌੜ ਵਿਚ ਪਹਿਲਾ, ਵਿਦਿਆ ਮੰਦਰ ਮਾਡਲ ਸਕੂਲ ਹੁਸ਼ਿਆਰਪੁਰ ਦੇ ਸਚਿਨ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੜਕੀਆਂ ਦੀ 600 ਮੀਟਰ ਅੰਡਰ-14 ਦੌੜ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਦੀ ਰੇਖਾ ਰਾਣੀ ਪਹਿਲੇ ਅਤੇ ਮਹਿਕਦੀਪ ਕੌਰ ਦੂਜੇ ਸਥਾਨ ’ਤੇ ਰਹੀ। ਫੁੱਟਬਾਲ ਅੰਡਰ 21-30 (ਲੜਕੇ) ਵਿਚ ਹੇਜਲ ਐਕਸੀਲੈਂਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾਘਰ ਨੇ ਫਾਈਨਲ ਮੈਚਾਂ ਵਿਚ ਪ੍ਰਵੇਸ਼ ਕੀਤਾ ਅਤੇ ਅੰਡਰ-17 ਦੇ ਮੈਚਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਾ ਅਤੇ ਐਸ.ਐਸ.ਏ ਕਲੱਬ ਪਿੱਪਲਾਂਵਾਲਾ ਨੇ ਫਾਈਨਲ ਮੈਚਾਂ ਵਿਚ ਪ੍ਰਵੇਸ਼ ਕੀਤਾ।  ਬਲਾਕ ਪੱਧਰੀ ਖੇਡੂ ਦੇ ਫਾਈਨਲ ਮੈਚ 7 ਸਤੰਬਰ ਨੂੰ ਹੋਣਗੇ।
ਬਲਾਕ ਹਾਜੀਪੁਰ ਵਿਚ ਅਥਲੈਟਿਕਸ, ਖੋ-ਖੋ, ਕਬੱਡੀ ਨੈਸ਼ਨਲ, ਸਰਕਲ ਸਟਾਈਲ ਅਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਵਿਚ ਵਾਲੀਬਾਲ ਅੰਡਰ-14 (ਲੜਕੇ) ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੇਰਾਂ ਪਹਿਲੇ ਅਤੇ ਅੰਡਰ-17 (ਲੜਕੇ) ਵਿਚ ਪਰਲ ਇੰਟਰਨੈਸ਼ਨਲ ਸਕੂਲ ਹਾਜੀਪੁਰ ਪਹਿਲੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 21-30 ਸਾਲ ਉਮਰ ਵਰਗ ਵਿਚ ਨਮੇਲੀ ਨੇ ਪਹਿਲਾ ਅਤੇ ਪਰਲ ਸਕੂਲ ਹਾਜੀਪੁਰ ਦੂਜੇ ਸਥਾਨ ’ਤੇ ਰਿਹਾ।ਲੜਕੀਆਂ ਦੇ ਅੰਡਰ-14 ਤੋਂ 17 ਖੋ-ਖੋ ਦੇ ਮੁਕਾਬਲਿਆਂ ਵਿਚ ਪਰਲ ਸਕੂਲ ਦੇ ਖਿਡਾਰੀਆਂ ਨੇ ਪਹਿਲਾ ਅਤੇ ਦੂਜਾ ਅਤੇ ਲੜਕਿਆਂ ਦੇ ਅੰਡਰ-14 ਵਿਚ ਪਰਲ ਸਕੂਲ ਦੀਆਂ ਖਿਡਾਰਨਾਂ ਨੇ ਪਹਿਲਾ ਅਤੇ ਅੰਡਰ-17 ਵਿਚ ਐਸ.ਵੀ.ਐਸ ਹਾਜੀਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਬਲਾਕ ਦਸੂਹਾ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੇ ਪਿਤਾ ਵੱਲੋਂ ਕਰਵਾਈ ਗਈ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਅਥਲੈਟਿਕਸ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਅੰਡਰ-17 ਲੜਕਿਆਂ ਦੇ ਫੁੱਟਬਾਲ ਮੁਕਾਬਲੇ ਵਿਚ ਪਿੰਡ ਝਿੰਗੜ ਕਲਾਂ ਦੀ ਟੀਮ ਪਹਿਲੇ ਅਤੇ ਦਲਮੀਵਾਲ ਦੀ ਟੀਮ ਦੂਜੇ ਸਥਾਨ ’ਤੇ ਰਹੀ। ਵਾਲੀਬਾਲ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਭਾਨ ਪਹਿਲੇ ਅਤੇ ਗ੍ਰਾਮ ਪੰਚਾਇਤ ਬੋਦਲਾ ਦੂਜੇ ਸਥਾਨ ’ਤੇ ਰਿਹਾ। ਅੰਡਰ-17 ਵਿਚ ਸੇਂਟ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਪਹਿਲਾ ਅਤੇ ਗ੍ਰਾਮ ਪੰਚਾਇਤ ਬੋਦਲਾਂ ਨੇ ਦੂਜਾ ਸਥਾਨ ਹਾਸਲ ਕੀਤਾ।

About The Author

Leave a Reply

Your email address will not be published. Required fields are marked *