ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮਿਲਕੇ ਬਲਵਿੰਦਰ ਸਿੰਘ ਭੂੰਦੜ ਤੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ
– ਕਿਹਾ, ਸਵਰਗੀ ਸੁਰਜੀਤ ਸਿੰਘ ਕੋਹਲੀ ਆਪਣੀ ਨਿਮਰਤਾ, ਸਾਦਗੀ ਤੇ ਸਿਆਸੀ ਸੂਝ-ਬੂਝ ਸਦਕਾ ਸਿਆਸਤ ਵਿੱਚ ਨਵੇਂ ਆਉਣ ਵਾਲੇ ਆਗੂਆਂ ਲਈ ਇੱਕ ਚਾਨਣ ਮੁਨਾਰਾ
ਪਟਿਆਲਾ, 4 ਸਤੰਬਰ 2024 : ਸਾਬਕਾ ਮੰਤਰੀ ਸਵਰਗੀ ਸੁਰਜੀਤ ਸਿੰਘ ਕੋਹਲੀ ਦੇ ਅਕਾਲ ਚਲਾਣੇ ਨੂੰ ਕੋਹਲੀ ਪਰਿਵਾਰ ਦੇ ਨਾਲ-ਨਾਲ ਪਟਿਆਲਾ ਸ਼ਹਿਰ ਤੇ ਪੰਜਾਬ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਕੋਹਲੀ ਪਰਿਵਾਰ ਨਾਲ ਲਗਾਤਾਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ ਅਤੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮਿਲਕੇ ਆਪਣੀ ਹਮਦਰਦੀ ਦਾ ਇਜ਼ਹਾਰ ਕੀਤਾ।
ਅਕਾਲੀ ਆਗੂ ਭੂੰਦੜ ਤੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੇ ਸਵਰਗੀ ਸੁਰਜੀਤ ਸਿੰਘ ਕੋਹਲੀ ਨਾਲ ਬਿਤਾਏ ਆਪਣੇ ਪੁਰਾਣੇ ਵਕਤ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਵਰਗੀ ਸ. ਕੋਹਲੀ ਨੇ ਆਪਣੇ ਪਿਤਾ ਸਾਬਕਾ ਮੰਤਰੀ ਸਰਦਾਰਾ ਸਿੰਘ ਕੋਹਲੀ ਦੀਆਂ ਪੈੜਾਂ ਉਪਰ ਚੱਲਦੇ ਹੋਏ ਪੰਜਾਬ ਦੀ ਸਿਆਸਤ ਵਿੱਚ ਆਪਣਾ ਇੱਕ ਵੱਖਰਾ ਰੁਤਬਾ ਕਾਇਮ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਵਰਗੀ ਸੁਰਜੀਤ ਸਿੰਘ ਕੋਹਲੀ ਆਪਣੀ ਸਾਦਗੀ, ਨਿਮਰਤਾ ਤੇ ਸਿਆਸੀ ਸੂਝ-ਬੂਝ ਸਦਕਾ ਸਿਆਸਤ ਵਿੱਚ ਨਵੇਂ ਆਉਣ ਵਾਲੇ ਆਗੂਆਂ ਲਈ ਇੱਕ ਚਾਨਣ ਮੁਨਾਰਾ ਬਣੇ ਰਹਿਣਗੇ।
ਇਸ ਮੌਕੇ ਗੁਰਜੀਤ ਸਿੰਘ ਸਾਹਨੀ, ਪਟਿਆਲਾ ਦੇ ਜ਼ਿਲ੍ਹਾ ਅਟਾਰਨੀ ਅਨਮੋਲਜੀਤ ਸਿੰਘ, ਅੰਮ੍ਰਿਤਪਾਲ ਸਿੰਘ ਪਾਲੀ, ਅਜੀਤ ਸਿੰਘ ਬਾਬੂ, ਡਾ. ਪ੍ਰਭਲੀਨ ਸਿੰਘ, ਰਾਜੂ ਸਾਹਨੀ, ਤਰਨਜੀਤ ਸਿੰਘ ਕੋਹਲੀ, ਰਵਿੰਦਰ ਪਾਲ ਬੰਟੂ, ਮਨਜੀਤ ਸਿੰਘ ਪਟਵਾਰੀ, ਹਰਪਾਲ ਸਿੰਘ ਬਿੱਟੂ, ਰਣਜੀਤ ਸਿੰਘ, ਤਰਲੋਕ ਸਿੰਘ ਤੋਰਾ, ਜਗਤਾਰ ਸਿੰਘ ਤਾਰੀ, ਹਨੀ ਲੂਥਰਾ, ਯੁਗੇਸ਼ ਟੰਡਨ, ਐਸ ਪੀ ਸਿੰਘ, ਜੋਨੀ ਕੋਹਲੀ, ਕੰਵਲਜੀਤ ਸਿੰਘ ਗੋਨਾ, ਕ੍ਰਿਸ਼ਨ ਚੰਦ ਬੁੱਧੂ, ਦਵਿੰਦਰ ਸਿੰਘ ਮਿੱਕੀ, ਭਵਨਪ੍ਰੀਤ ਸਿੰਘ ਗੋਲੂ, ਜਸਦੇਵ ਸਿੰਘ ਜੱਸਾ ਬਹਿਲ, ਪ੍ਰਭਜੋਤ ਸਿੰਘ ਜੋਤੀ, ਅਮਿਤ ਮਿੱਤਲ ਪੀਲੂ, ਮਨਜੀਤ ਸਿੰਘ, ਮਾਲਵਿੰਦਰ ਪਨੂੰ, ਵਰਿੰਦਰ ਮਿੱਤਲ, ਨਰੇਸ਼ ਰਿੱਪੀ ਤੇ ਅਜੀਤਪਾਲ ਸਾਹਨੀ ਸਮੇਤ ਹੋਰ ਹਾਜਰ ਵੀ ਸਨ।