ਵਿਧਾਇਕ ਛੀਨਾ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਲੋਹਾਰਾ ’ਚ ਸਬ-ਤਹਿਸੀਲ ਬਣਾਉਣ ਦਾ ਚੁੱਕਿਆ ਮੁੱਦਾ
ਲੁਧਿਆਣਾ, 3 ਸਤੰਬਰ 2024 : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ 16ਵੀਂ ਵਿਧਾਨ ਸਭਾ ਦੇ 7ਵੇਂ ਇਜਲਾਸ ਦੌਰਾਨ ਲੋਹਾਰਾ ਨੂੰ ਸਬ-ਤਹਿਸੀਲ ਬਣਾਉਣ ਦਾ ਮੁੱਦਾ ਚੁੱਕਿਆ ਹੈ।
ਵਿਧਾਇਕ ਛੀਨਾ ਨੇ ਕਿਹਾ ਕਿ ਸ਼ੇਰਪੁਰ, ਗਿਆਸਪੁਰਾ ਤੋਂ ਗਿੱਲ ਰੋਡ ’ਤੇ ਜਾਣ ਲਈ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ੇਰਪੁਰ ਅਤੇ ਗਿਆਸਪੁਰਾ ਤੋਂ ਕਰੀਬ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗਿੱਲ ਤਹਿਸੀਲ ਤੱਕ ਪਹੁੰਚਣ ਲਈ ਤਿੰਨ ਵਾਹਨ ਬਦਲਣੇ ਪੈਂਦੇ ਹਨ ਜਿਸਦੇ ਤਹਿਤ ਆਵਾਜਾਈ ਵਿੱਚ ਕਾਫੀ ਸਮਾਂ ਅਜਾਂਈ ਚਲਾ ਜਾਂਦਾ ਹੈ ਅਤੇ ਸਥਾਨਕ ਲੋਕਾਂ ਨੂੰ ਤਹਿਸੀਲ ਵਿੱਚ ਆਪਣੇ ਕੰਮ ਕਰਵਾਉਣ ਲਈ ਪੂਰਾ ਦਿਨ ਲੱਗ ਜਾਂਦਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਹਲਕਾ ਦੱਖਣੀ ਅਧੀਨ ਖਾਸ ਕਰਕੇ ਗਿਆਸਪੁਰਾ ਅਤੇ ਸ਼ੇਰਪੁਰ ਵਿੱਚ ਵੱਡੀ ਗਿਣਤੀ ਪ੍ਰਵਾਸੀ ਕਿਰਤੀ ਲੋਕਾਂ ਦਾ ਰਹਿਣ ਵਸੇਰਾ ਹੈ। ਰੋਜ਼ਾਨਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲੇ ਵਰਗ ਦੀ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਜਲਦ ਸਬ-ਤਹਿਸੀਲ ਬਣਾਉਣ ਦੀ ਅਪੀਲ ਕੀਤੀ।