ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਾ 11 ਸਤੰਬਰ ਨੂੰ
– ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਪੇਂਟਿੰਗ ਮੁਕਾਬਲੇ ਵਿਚ ਲੈ ਸਕਦੇ ਨੇ ਭਾਗ-ਵਧੀਕ ਡਿਪਟੀ ਕਮਿਸ਼ਨਰ
ਮਾਨਸਾ, 02 ਸਤੰਬਰ 2024 : ਜ਼ਿਲ੍ਹਾ ਬਾਲ ਭਲਾਈ ਕੌਂਸਲ, ਮਾਨਸਾ ਵੱਲੋਂ 11 ਸਤੰਬਰ, 2024 ਨੂੰ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 05 ਤੋਂ 16 ਸਾਲ ਤੱਕ ਦੇ ਵਿਦਿਆਰਥੀ ਭਾਗ ਲੈ ਸਕਣਗੇ। ਉਨ੍ਹਾਂ ਕਿਹਾ ਕਿ 18 ਸਾਲ ਤੱਕ ਦੇ ਵਿਸ਼ੇਸ਼ ਤੌਰ ’ਤੇ ਸਮਰੱਥ ਬੱਚਿਆਂ ਨੂੰ ਵੀ ਇਸ ਪੇਂਟਿੰਗ ਮੁਕਾਬਲੇ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਮੁਕਾਬਲੇ ਨੂੰ ਚਾਰ ਗਰੁੱਪਾਂ ਵਿਚ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਲਈ ਵੱਖ ਵੱਖ ਥੀਮ ਦਿੱਤੇ ਜਾਣਗੇ। ਹਰੇਕ ਗਰੁੱਪ ਦੇ ਤਿੰਨ ਜੇਤੂਆਂ ਨੂੰ ਟਰਾਫੀ ਅਤੇ ਅਕਤੂਬਰ/ਨਵੰਬਰ ਲਈ ਨਿਰਧਾਰਤ ਡਵੀਜ਼ਨ ਪੱਧਰੀ ਮੁਕਾਬਲੇ ਵਿਚ ਭਾਗ ਲੈਣ ਦਾ ਮੌਕਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਖਾਸ ਤੌਰ ’ਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੇ ਜੇਤੂ ਜਦੋਂ ਤੱਕ ਉਹ 18 ਸਾਲ ਦੇ ਨਹੀਂ ਹੁੰਦੇ ਜਾਂ ਬਾਰ੍ਹਵੀਂ ਜਮਾਤ ਪੂਰੀ ਕਰਦੇ ਹਨ ਸਾਲ-ਦਰ-ਸਾਲ ਸਪਾਂਸਰਸ਼ਿਪ ਲਈ ਯੋਗ ਹੋ ਸਕਦੇ ਹਨ। ਰਾਸ਼ਟਰੀ ਜੇਤੂ ਨੂੰ ਵੀ ਉਨ੍ਹਾਂ ਦਾ ਪੁਰਸਕਾਰ ਲੈਣ ਲਈ ਦਿੱਲੀ ਵਿਖੇ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਨੌਜਵਾਨ ਕਲਾਕਾਰਾਂ ਲਈ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਣ ਕਰਨ ਅਤੇ ਜ਼ਿਲ੍ਹਾ ਪੱਧਰ ’ਤੇ ਨਾਮਣਾ ਖੱਟਣ ਲਈ ਇੱਕ ਵਧੀਆ ਪਲੇਟਫਾਰਮ ਸਾਬਿਤ ਹੋਵੇਗਾ।