ਦਫ਼ਤਰ ਭਾਸ਼ਾ ਵਿਭਾਗ ਵੱਲੋਂ ਉਰਦੂ ਆਮੋਜ਼ ਕੋਰਸ ਸਰਟੀਫਿਕੇਟ ਵੰਡ ਸਮਾਗਮ

0

ਹੁਸ਼ਿਆਰਪੁਰ, 2 ਸਤੰਬਰ 2024 : ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵੱਲੋਂ ਕਰਵਾਏ ਜਾ ਰਹੇ ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਦੇ ਬੈਚ ਜਨਵਰੀ-ਜੂਨ 2024 ਦੇ ਵਿਦਿਆਰਥੀਆਂ ਨੂੰ ਇਹ ਕੋਰਸ ਸੰਪੰਨ ਕਰਨ ਉਪਰੰਤ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੂੰ ਜੀ ਆਇਆਂ ਸ਼ਬਦ ਆਖਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਉਰਦੂ ਆਮੋਜ਼ ਕੋਰਸ ਅਤੇ ਭਾਸ਼ਾ ਵਿਭਾਗ ਦੀਆਂ ਬਾਕੀ ਸਾਹਿਤਕ ਅਤੇ ਸਿਰਜਣਾਤਮਕ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਰਾਹੁਲ ਚਾਬਾ ਨੇ ਉਰਦੂ ਆਮੋਜ਼ ਦਾ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਭਾਰਤ ਦੀ ਪ੍ਰਾਚੀਨ ਬਹੁਤ ਖ਼ੂਬਸੂਰਤ ਜ਼ੁਬਾਨ ਹੈ। ਮੇਰਾ ਇਸ ਜ਼ੁਬਾਨ ਨਾਲ ਅੱਛਾ ਖ਼ਾਸਾ ਰਿਸ਼ਤਾ ਰਿਹਾ ਹੈ। ਸਾਡੀ ਪੰਜਾਬੀ ਭਾਸ਼ਾ ਦਾ ਹਾਜ਼ਮਾ ਦਰੁਸਤ ਹੋਣ ਕਰਕੇ ਅਰਬੀ ਫ਼ਾਰਸੀ ਦੇ ਬਹੁਤ ਸਾਰੇ ਸ਼ਬਦਾਂ ਦਾ ਖ਼ਜ਼ਾਨਾ ਇਸ ਵਿਚ ਰਲ ਗਿਆ ਹੈ। ਇਸ ਨਾਲ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਵਿਚ ਸਿਰਫ਼ ਵਾਧਾ ਹੀ ਨਹੀਂ ਹੋਇਆ ਸਗੋਂ ਇਸ ਜ਼ੁਬਾਨ ਵਿਚ ਰੌਚਕਤਾ ਅਤੇ ਖ਼ੂਬਸੂਰਤੀ ਵੀ ਵਧੀ ਹੈ। ਭਾਸ਼ਾ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਉਰਦੂ ਆਮੋਜ਼ ਦਾ ਕੋਰਸ ਪੰਜਾਬੀ ਭਾਸ਼ਾ ਦੇ ਲੰਬੇ ਚੌੜੇ ਇਤਿਹਾਸ ਨੂੰ ਟਟੋਲਣ ਅਤੇ ਖੰਘਾਲਣ ਵਿਚ ਹੋਰ ਵਾਧਾ ਕਰੇਗਾ।ਇਸ ਕਰਕੇ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਪਾਠਕਾਂ ਨੂੰ ਇਸ ਕੋਰਸ ਨਾਲ ਜੁੜਨ ਦੀ ਲੋੜ ਹੈ।

ਉਨ੍ਹਾਂ ਉਰਦੂ ਆਮੋਜ਼ ਦਾ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਕੇ ਵਧਾਈ ਦਿੱਤੀ।ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਰਾਹੁਲ ਚਾਬਾ ਦਾ ਭਾਈ ਕਾਹਨ ਸਿੰਘ ਨਾਭਾ ਵੱਲੋਂ ਰਚਿਤ ਕਲਾਸੀਕਲ ਗ੍ਰੰਥ ਮਹਾਨ ਕੋਸ਼ ਦੇ ਕੇ ਸਨਮਾਨ ਕੀਤਾ ਗਿਆ।ਇਸ ਸਮੇਂ ਲਵਪ੍ਰੀਤ, ਲਾਲ ਸਿੰਘ, ਪੁਸ਼ਪਾ ਰਾਣੀ, ਡਾ. ਦਰਸ਼ਨ ਸਿੰਘ, ਐਡਵੋਕੇਟ ਮਨਦੀਪ ਸਿੰਘ ਗਿੱਲ, ਭਾਈ ਗੁਰਜਿੰਦਰ ਸਿੰਘ, ਸੁਰਜੀਤ ਸਿੰਘ, ਲੈਕ. ਸੁਖਜੀਤ ਕੌਰ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *

error: Content is protected !!