ਵਿਧਾਇਕ ਬੁੱਧ ਰਾਮ ਨੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ
– ਪੰਜਾਬ ਸਰਕਾਰ ਕਿਸਾਨ ਹਿਤਾਂ ਦੀ ਰਾਖੀ ਲਈ ਵਚਨਬੱਧ-ਵਿਧਾਇਕ ਬੁੱਧ ਰਾਮ
ਮਾਨਸਾ, 29 ਅਗਸਤ 2024 : ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਸਰਕਾਰ ਖੇਤੀਬਾੜੀ ਕਿੱਤੇ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਇਸ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਹਰ ਕਿਸਮ ਦੀ ਮਦਦ ਕਰਨ ਲਈ ਤਤਪਰ ਹੈ। ਖੇਤੀ ਦੇ ਕਿੱਤੇ ਵਿੱਚ ਕੰਮ ਕਰਦਿਆਂ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਦੀ ਆਰਥਿਕ ਮਦਦ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪ੍ਰਿੰਸੀਪਲ ਬੁੱਧ ਰਾਮ ਨੇ ਮਾਰਕੀਟ ਕਮੇਟੀ, ਬੁਢਲਾਡਾ ਵਿਖੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡਣ ਵੇਲੇ ਕੀਤਾ।
ਵਿਧਾਇਕ ਨੇ ਕਿਹਾ ਕਿ ਥਰੈਸ਼ਰ ਹਾਦਸੇ ਨਾਲ ਪਿੰਡ ਦੋਦੜਾ ਦੇ ਗੁਰਪ੍ਰੀਤ ਸਿੰਘ, ਬੁਢਲਾਡਾ ਦੇ ਸੀਹਾਂ ਪੱਤੀ ਵਾਸੀ ਜੀਤ ਸਿੰਘ, ਬੀਰੋਕੇ ਕਲਾਂ ਦੇ ਸੁਖਵਿੰਦਰ ਸਿੰਘ, ਪਿੰਡ ਫਫੜੇ ਭਾਈਕੇ ਦੇ ਜਗਜੀਤ ਸਿੰਘ ਦੇ ਹੱਥਾਂ ਦੀ ਇੱਕ-ਇੱਕ ਉਂਗਲ ਕਟ ਗਈ ਸੀ। ਅੰਗਾਂ ਦਾ ਸਰੀਰਿਕ ਨੁਕਸਾਨ ਹੋਣ ਕਰਕੇ ਹਰੇਕ ਨੂੰ 10,000 ਰੂਪੈ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਰਾਸ਼ੀ ਖੇਤੀਬਾੜੀ ਹਾਦਸੇ ਦੌਰਾਨ ਮਾਰਕੀਟ ਕਮੇਟੀ ਵੱਲੋਂ ਪੜਤਾਲ ਕਰਨ ਉਪਰੰਤ ਦਿੱਤੀ ਗਈ ਹੈ। ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਦੱਸਿਆ ਕਿ ਜਦੋਂ ਕਿਸੇ ਨਾਲ ਖੇਤੀਬਾੜੀ ਦਾ ਕੰਮ ਕਰਦਿਆਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਦੀ ਸਹਾਇਤਾ ਛੇ ਮਹੀਨਿਆਂ ਦੇ ਵਿੱਚ ਵਿੱਚ ਦੇ ਦਿੱਤੀ ਜਾਂਦੀ ਹੈ।
ਇਸ ਮੌਕੇ ਮਾਰਕੀਟ ਕਮੇਟੀ ਸਕੱਤਰ ਅਤੇ ਵਧੀਕ ਜ਼ਿਲ੍ਹਾ ਮੰਡੀ ਅਫਸਰ ਮਾਨਸਾ ਜੈ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਪਟਵਾਰੀ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਵਪਾਰ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਲਲਿਤ ਸੈਂਟੀ ਹਾਜ਼ਰ ਸਨ।