ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਮਹਿਲਾਂਵਾਲੀ ਵਿਖੇ ਸਟੇਡੀਅਮ ਦੇ ਨਵੀਨੀਕਰਨ ਦੇ ਕਾਰਜ ਦੀ ਕਰਵਾਈ ਸ਼ੁਰੂਆਤ
– ਸਟੇਡੀਅਮ ਨੂੰ ਖੇਡ ਪਾਰਕ ਵਜੋਂ ਕੀਤਾ ਜਾਵੇਗਾ ਵਿਕਸਿਤ
ਹੁਸ਼ਿਆਰਪੁਰ, 29 ਅਗਸਤ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਪਿੰਡ ਮਹਿਲਾਂਵਾਲੀ ਵਿਚ ਸਥਿਤ ਸਟੇਡੀਅਮ ਦੇ ਨਵੀਨੀਕਰਨ ਦੇ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ। ਇਸ ਨਵੀਨੀਕਰਨ ਤਹਿਤ ਸਟੇਡੀਅਮ ਨੂੰ ਖੇਡ ਪਾਰਕ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਵਿਚ ਫੁੱਟਬਾਲ ਗਰਾਊਂਡ ਦੇ ਨਾਲ-ਨਾਲ ਬੈਡਮਿੰਟਨ, ਬਾਸਕਿਟਬਾਲ ਅਤੇ ਵਾਲੀਬਾਲ ਦੇ ਵੀ ਕੋਰਟ ਤਿਆਰ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ’ਤੇ 17 ਲੱਖ ਰੁਪਏ ਦੀ ਲਾਗਤ ਆਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਖੇਡ ਪ੍ਰੇਮੀਆਂ ਦੀ ਸੁਵਿਧਾ ਲਈ ਸਟੇਡੀਅਮ ਵਿਚ ਸੈਰ ਦੇ ਲਈ ਟਰੈਕ ਵੀ ਬਣਾਇਆ ਜਾਵੇਗਾ, ਜਿਸ ਨਾਲ ਪਿੰਡ ਵਾਸੀਆਂ ਨੂੰ ਬਿਹਤਰ ਸੁਵਿਧਾ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਅਤੇ ਇਸ ਦਿਸ਼ਾ ਵਿਚ ਇਹ ਨਵੀਨੀਕਾਰਨ ਕਾਰਜ ਇਕ ਅਹਿਮ ਕਦਮ ਹੈ। ਉਨ੍ਹਾਂ ਇਸ ਮਹੱਤਵਪੂਰਨ ਕਾਰਜ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿਚ ਵਿਕਾਸ ਦੀ ਗਤੀ ਤੇਜ਼ ਹੋਈ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਹਰ ਵਰਗ ਅਤੇ ਹਲਕੇ ਨੂੰ ਬਰਾਬਰ ਲਾਭ ਮਿਲੇ ਅਤੇ ਸਟੇਡੀਅਮ ਦਾ ਇਹ ਨਵੀਨੀਕਰਨ ਇਸ ਦੀ ਇਕ ਉਦਾਹਰਨ ਹੈ। ਉਨ੍ਹਾਂ ਸਥਾਨਕ ਲੋਕਾਂ ਨੂੰ ਇਸ ਸਟੇਡੀਅਮ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਦੀ ਯੋਜਨਾ ਹੈ ਕਿ ਸੂਬੇ ਦੇ ਹਰੇਕ ਪਿੰਡ ਅਤੇ ਕਸਬੇ ਵਿਚ ਖੇਡ ਸੁਵਿਧਾਵਾਂ ਦਾ ਵਿਸਥਾਰ ਕੀਤਾ ਜਾਵੇ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਿਚ ਕਰੀਅਰ ਬਣਾਉਣ ਦਾ ਬਿਹਤਰ ਮੌਕਾ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਉਦੇਸ਼ ਕੇਵਲ ਖੇਡ ਸੁਵਿਧਾਵਾਂ ਦਾ ਵਿਕਾਸ ਨਹੀਂ ਹੈ, ਬਲਕਿ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਵੀ ਹੈ। ਇਸ ਮੌਕੇ ਬੀ.ਡੀ.ਪੀ.ਓ ਸੁਖਵਿੰਦਰ ਸਿੰਘ, ਸਰਪੰਚ ਹਰਜਿੰਦਰ ਕੌਰ, ਪੰਚ ਬਲਵਿੰਦਰ ਕੌਰ, ਕੈਪਟਨ ਸੁਰਿੰਦਰ ਬੰਗਾ, ਪ੍ਰਿਤਪਾਲ, ਅਸ਼ੋਕ ਪਹਿਲਵਾਨ, ਸੁਖਵਿੰਦਰ ਸਿੰਘ ਸੁੱਖਾ, ਜਤਿੰਦਰ ਸਿੰਘ, ਜਗਤਾਰ ਸਿੰਘ ਸਾਬੀ, ਬਲਾਕ ਪ੍ਰਧਾਨ ਦਲਜੀਤ ਸਿੰਘ, ਸੁਖਚੈਨ ਸਿੰਘ ਬਿੱਲਾ, ਗੋਨੀ ਮਹਿਲਾਂਵਾਲੀ, ਸੁਰਿੰਦਰ ਕੁਮਾਰ, ਮਾਸਟਰ ਅਜਮੇਹਰ, ਰਾਜ ਮੂਰਤੀ, ਜਸਪਾਲ ਸਿੰਘ, ਅਸ਼ਵਨੀ ਕੁਮਾਰ, ਰਾਕੇਸ਼ ਹਾਂਡਾ, ਜਸਵਿੰਦਰ ਕੌਰ, ਰੇਖਾ ਰਾਣੀ ਅਤੇ ਸਮੂਹ ਗ੍ਰਾਮ ਪੰਚਾਇਤ ਮੌਜੂਦ ਸੀ।