ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਕਾਂ ਨੂੰ ਆਪਣੇ ਪਾਲਤੂ ਗਉਵੰਸ਼ ਨੂੰ ਸੜਕਾਂ ‘ਤੇ ਬੇਸਹਾਰਾ ਨਾ ਛੱਡਣ ਦੀ ਅਪੀਲ
– ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਜਾਰੀ-ਡਿਪਟੀ ਕਮਿਸ਼ਨਰ
ਫਾਜ਼ਿਲਕਾ 29 ਅਗਸਤ 2024 : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਪਸ਼ੂ ਪਾਲਕ ਆਪਣੀ ਲੋੜ ਪੂਰੀ ਹੋਣ ਉਪਰੰਤ ਆਪਣੇ ਪਾਲਤੂ ਗਊਵੰਸ਼ ਨੂੰ ਸੜਕਾਂ ‘ਤੇ ਬੇਸਹਾਰਾ ਛੱਡ ਦਿੰਦੇ ਹਨ ਜਿਸ ਕਰਕੇ ਅਨੇਕਾਂ ਸੜਕੀ ਦੁਰਘਟਨਾਵਾਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੜਕੀ ਦੁਰਘਟਨਾਵਾਂ ‘ਤੇ ਠੱਲ੍ਹ ਪਾਉਣ ਲਈ ਲਗਾਤਾਰ ਬੇਸਹਾਰਾ ਗਉਵੰਸ਼ ਨੂੰ ਚੁੱਕ ਕੇ ਗਉਸ਼ਾਲਾਵਾਂ ਅਤੇ ਕੈਟਲ ਪੌਂਡ ਵਿਖੇ ਲਿਜਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਸ਼ੂ ਪਾਲਕਾਂ ਵੱਲੋਂ ਪਹਿਲਾਂ ਤਾਂ ਆਪਣੇ ਪਾਲਤੂ ਗਉਵੰਸ਼ ਨੂੰ ਸੜਕਾਂ ‘ਤੇ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ ਤੇ ਬਾਅਦ ਵਿਚ ਗਊਸ਼ਾਲਾ (ਕੈਟਲ ਪੌਂਡ) ਵਿਖੇ ਪਹੁੰਚ ਕਰਕੇ ਗਊਵੰਸ਼ ਦੀ ਵਾਪਸ ਕਰਨ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਅਜਿਹੀ ਜਾਣਕਾਰੀ ਉਨ੍ਹਾਂ ਦੇ ਧਿਆਨ ਵਿੱਚ ਆਈ ਕਿ ਪਸ਼ੂ ਪਾਲਕ ਵੱਲੋਂ ਛੱਡਿਆ ਗਊਵੰਸ਼ ਗਊਸ਼ਾਲਾਵਾਂ ਵਿਖੇ ਪਹੁੰਚਿਆ ਹੈ ਤਾਂ ਪਸ਼ੂ ਪਾਲਕ ਨੂੰ ਗਊਵੰਸ਼ ਵਾਪਸ ਨਹੀਂ ਕੀਤਾ ਜਾਵੇਗਾ ਕਿਉਂਕਿ ਲੋਕ ਆਪਣੀ ਲੋੜ ਪੂਰੀ ਕਰਨ ਉਪਰੰਤ ਚਾਰੇ ਲਈ ਆਪਣੇ ਦੁਧਾਰੂ ਗਊਵੰਸ਼ ਨੂੰ ਸੜਕਾਂ ਤੇ ਛੱਡ ਦਿੰਦੇ ਹਨ ਜੋ ਕਿ ਅਨੇਕਾਂ ਸੜਕੀ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਪਾਲਤੂ ਗਉਵੰਸ਼ ਨੂੰ ਸੜਕਾਂ ‘ਤੇ ਬੇਸਹਾਰਾ ਨਾ ਛਡਿਆ ਜਾਵੇ।