ਭਾਰਤ ਸਰਕਾਰ ਦੇ 3 ਰੋਜ਼ਾ ਪ੍ਰੋਗਰਾਮ ਦੌਰਾਨ ਪ੍ਰਦੂਸ਼ਣ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

0
 – ਸਰਕਾਰੀ ਮਹਿੰਦਰਾ ਕਾਲਜ ਵਿੱਚ ਚਿੱਤਰ ਪ੍ਰਦਰਸ਼ਨੀ ਵੇਖਣ ਆਇਆ ਲੋਕਾਂ ਦਾ ਹੜ੍ਹ 
 – ਕਲਾਕਾਰਾਂ ਤੇ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਬੰਨ੍ਹਿਆ ਸਮਾਂ 
ਪਟਿਆਲਾ, 28 ਅਗਸਤ 2024 : ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਵੱਲੋਂ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦੀ ਥੀਮ ਉੱਤੇ ਸਰਕਾਰੀ ਮਹਿੰਦਰਾ ਕਾਲਜ ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮ ਦੇ ਦੂਜੇ ਦਿਨ ਵੱਖੋ ਵੱਖ ਬੁਲਾਰਿਆਂ ਨੇ ਮੰਚ ਤੋਂ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਅੰਮ੍ਰਿਤਸਰ ਦੇ ਮੁਖੀ ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਇਸ ਸਾਲ ਜੁਲਾਈ ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਦੇਸ਼ ਭਰ ਵਿੱਚ ਲਾਗੂ ਹੋ ਗਏ ਹਨ, ਅਜਿਹੇ ਪ੍ਰੋਗਰਾਮਾਂ ਦੀ ਮਦਦ ਨਾਲ ਲੋਕਾਂ ਨੂੰ ਨਵੇਂ ਕਾਨੂੰਨਾਂ ਦੇ ਤਕਨੀਕੀ ਪਹਿਲੂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਚਿੱਤਰ ਪ੍ਰਦਰਸ਼ਨੀ ਦੇ ਜ਼ਰੀਏ ਲੋਕਾਂ ਨੂੰ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਥੇ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜੀਨੀਅਰ ਗੁਰਕਰਨ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਅਤੇ ਇਸਦਾ ਬਦਲ ਅਪਣਾਉਣ ਲਈ ਕਿਹਾ। ਉਹਨਾਂ ਕਿਹਾ ਕਿ ਕੁਝ ਲੋਕ ਆਪਣੇ ਘਰ ਦਾ ਕੂੜਾ ਦੂਜੇ ਵਿਅਕਤੀ ਦੇ ਘਰ ਦੇ ਬਾਹਰ ਸੁੱਟਣ ਨੂੰ ਸਫਾਈ ਸਮਝਦੇ ਹਨ, ਜੋ ਕਿ ਸਰਾਸਰ ਗਲਤ ਹੈ। ਇਸ ਤੋਂ ਠੀਕ ਉਲਟ ਪੂਰੇ ਮੁਹੱਲੇ, ਸ਼ਹਿਰ, ਪਿੰਡ ਅਤੇ ਦੇਸ਼ ਨੂੰ ਆਪਣੇ ਘਰ ਦੀ ਤਰ੍ਹਾਂ ਸਾਫ ਰੱਖਣ ਦੀ ਲੋੜ ਹੈ ਤਾਂ ਹੀ ਸਫਾਈ ਅਭਿਆਨ ਨੂੰ ਸਫਲਤਾ ਦੇ ਸਿਖਰ ਤੇ ਪਹੁੰਚਾਇਆ ਜਾ ਸਕਦਾ ਹੈ। ਭਾਰਤ ਸਰਕਾਰ ਦੇ ਇਸ ਪ੍ਰੋਗਰਾਮ ਵਿੱਚ ਮੋਹਿੰਦਰਾ ਕਾਲਜ ਦੇ ਮੁੱਖ ਨੋਡਲ ਅਫਸਰ ਪ੍ਰੋਫੈਸਰ ਸਵਿੰਦਰ ਰੇਖੀ ਦੀ ਅਗੁਵਾਈ ਹੇਠ ਕਈ ਬੁਲਾਰਿਆਂ ਨੇ ਵੱਖੋ ਵੱਖ ਵਿਸ਼ਿਆਂ ਉੱਤੇ ਮੰਚ ਤੋਂ ਸੰਬੋਧਨ ਕੀਤਾ।
ਸਵਿੰਦਰ ਰੇਖੀ ਨੇ ਕਿਹਾ ਚਿੱਤਰ ਪ੍ਰਦਰਸ਼ਨੀ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਚੰਗੀ ਪਹਿਲ ਹੈ, ਜਿਸਨੂੰ ਮਿਸ਼ਨ ਦੇ ਤਹਿਤ ਜਾਰੀ ਰੱਖਣਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਪ੍ਰੋਫੈਸਰ ਰਮਨੀਤ ਕੌਰ ਨੇ ਜਿਥੇ ਪੋਸ਼ਣ ਅਭਿਆਨ ਨੂੰ ਇੱਕ ਕ੍ਰਾਂਤੀਕਾਰੀ ਯੋਜਨਾ ਕਰਾਰ ਦਿੱਤਾ, ਉੱਥੇ ਹੀ ਪ੍ਰੋਫੈਸਰ ਮੁਹੰਮਦ ਸੋਹੇਲ ਨੇ ਮੰਚ ਤੋਂ ਪਾਣੀ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੱਤਾ।
ਇਸਦੇ ਨਾਲ ਹੀ ਪ੍ਰੋਫੈਸਰ ਪਰਮਵੀਰ ਨੇ ਫਿਟ ਇੰਡੀਆ, ਪ੍ਰੋਫੈਸਰ ਰਾਜੀਵ ਸ਼ਰਮਾ ਨੇ ਸਵੱਛ ਭਾਰਤ ਉੱਤੇ ਅਤੇ ਪ੍ਰੋਫੈਸਰ ਰਾਏ ਬਹਾਦੁਰ ਸਿੰਘ ਨੇ ਗੀਤ ਰਾਹੀਂ ਅਪਣੇ ਵਿਚਾਰ ਰੱਖੇ। ਬਹਿਰਹਾਲ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਲੋਕਾਂ ਦੇ ਖਿੱਚ ਦਾ ਕੇਂਦਰ ਬਣੀਆਂ, ਜਿਸ ਵਿੱਚ ਖ਼ਾਸ ਤੌਰ ਉੱਤੇ ਗਰੁੱਪ ਸੋਂਗ ਅਤੇ ਸਭਿਆਚਾਰਕ ਲੋਕ ਨਾਚ ਸ਼ਾਮਲ ਸਨ। ਇਸਦੇ ਨਾਲ ਹੀ ਨੂਰ ਨਾਟ ਕਲਾ ਕੇਂਦਰ ਵੱਲੋਂ ਨੁੱਕੜ ਨਾਟਕ ਦੇ ਜ਼ਰੀਏ ਸਵੱਛਤਾ ਦਾ ਸੁਨੇਹਾ ਵੀ ਦਿੱਤਾ ਗਿਆ।

About The Author

Leave a Reply

Your email address will not be published. Required fields are marked *