ਗੁੱਡ ਸਮਾਰੀਟਨ,ਫਰਿਸ਼ਤਾ ਤੇ ਹਿੱਟ ਐਂਡ ਰਨ ਸਕੀਮਾਂ ਬਾਰੇ ਜਾਗਰੂਕਤਾ ਲਈ ਪੋਸਟਰ ਜਾਰੀ

0

– ਡਿਪਟੀ ਕਮਿਸ਼ਨਰ ਵੱਲੋਂ ਸੜਕ ਸੁਰੱਖਿਆ ਨਾਲ ਸਬੰਧਤ 8 ਤਰ੍ਹਾਂ ਦੇ ਪੋਸਟਰ ਕੀਤੇ ਜਾਰੀ

– ਜ਼ਿਲੇ ਦੇ ਸਾਰੇ ਹਸਪਤਾਲਾਂ, ਥਾਣਿਆਂ ਤੇ ਜਨਤਕ ਥਾਵਾਂ ‘ਤੇ ਲਗਾਏ ਜਾਣਗੇ 2000 ਤੋਂ ਵੱਧ ਪੋਸਟਰ ਤੇ ਫਲੈਕਸ

ਹੁਸ਼ਿਆਰਪੁਰ, 23 ਅਗਸਤ 2024 : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸੜਕ ਹਾਦਸਿਆਂ ਵਿਚ ਜ਼ਖਮੀਆਂ ਦੀ ਮਦਦ ਲਈ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਗੁੱਡ ਸਮਾਰੀਟਨ (ਚੰਗੇ ਨਾਗਰਿਕ), ਫਰਿਸ਼ਤੇ ਅਤੇ ਹਿੱਟ ਐਂਡ ਰਨ ਵਰਗੀਆਂ ਸਕੀਮਾਂ ਤਹਿਤ ਅੱਠ ਵੱਖ-ਵੱਖ ਤਰ੍ਹਾਂ ਦੇ ਸੜਕ ਸੁਰੱਖਿਆ ਪੋਸਟਰ ਜਾਰੀ ਕੀਤੇ। ਪਹਿਲੇ ਪੜਾਅ ਵਿਚ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ, ਥਾਣਿਆਂ ਅਤੇ ਜਨਤਕ ਥਾਵਾਂ ‘ਤੇ 2000 ਦੇ ਕਰੀਬ ਪੋਸਟਰ ਅਤੇ ਫਲੈਕਸ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁੱਡ ਸਮਾਰੀਟਨ ਅਤੇ ਫਰਿਸ਼ਤੇ ਸਕੀਮ ਤਹਿਤ ਸੜਕ ਹਾਦਸਿਆਂ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਫਰਿਸ਼ਤੇ ਸਕੀਮ ਤਹਿਤ ਉਨ੍ਹਾਂ ਨੂੰ 2000 ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਪ੍ਰਸੰਸਾ ਪੱਤਰ ਵੀ ਦਿੱਤਾ ਜਾਵੇਗਾ।ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਜਿਹੇ ਮਾਮਲਿਆਂ ਵਿਚ ਵਿਅਕਤੀ ਦੀ ਪਛਾਣ ਪੁੱਛਣੀ ਲਾਜ਼ਮੀ ਨਹੀਂ ਹੋਵੇਗੀ, ਜੇਕਰ ਉਹ ਨਹੀਂ ਚਾਹੁੰਦੇ ਤਾਂ ਡਾਕਟਰ ਜਾਂ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕਰੇਗੀ ਅਤੇ ਨਾ ਹੀ ਉਨ੍ਹਾਂ ਨੂੰ ਰੋਕਣ ਲਈ ਕਿਹਾ ਜਾਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਇਨ੍ਹਾਂ ਨੇਕਦਿਲ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਕਾਨੂੰਨੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਿਸ਼ਤੇ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ 500 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਨਕਦ ਰਹਿਤ ਇਲਾਜ ਲਈ ਸੂਚੀਬੱਧ ਕੀਤਾ ਗਿਆ ਹੈ, ਜਿਨ੍ਹਾਂ ਨੂੰ ਮੈਪਲਜ਼ ਐਪ (ਮੈਪ ਮਾਈ ਇੰਡੀਆ) ‘ਤੇ ਲੋਕੇਸ਼ਨ ਦੇ ਨਾਲ ਮੈਪ ਕੀਤਾ ਗਿਆ ਹੈ, ਜਿਥੇ ਜ਼ਖਮੀ ਦਾ ਇਲਾਜ਼ ਬਿਨ੍ਹਾਂ ਕਿਸੇ ਪੈਸੇ ਦੇ ਤੁਰੰਤ ਸ਼ੁਰੂ ਹੋ ਜਾਵੇਗਾ। ਨਾਲ ਹੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ 2000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।

ਉਨ੍ਹਾਂ ਹਿੱਟ ਐਂਡ ਰਨ ਮੁਆਵਜ਼ਾ ਯੋਜਨਾ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਜੇਕਰ ਕਿਸੇ ਅਣਪਛਾਤੇ ਵਾਹਨ ਨਾਲ ਕੋਈ ਹਾਦਸਾ ਵਾਪਰਦਾ ਹੈ ਅਤੇ ਵਾਹਨ ਭੱਜ ਜਾਂਦਾ ਹੈ ਤਾਂ ਮੋਟਰ ਵਹੀਕਲ ਤੋਂ ਗੰਭੀਰ ਜ਼ਖ਼ਮੀ ਵਿਅਕਤੀ ਨੂੰ 50,000 ਰੁਪਏ ਅਤੇ ਮੌਤ ਹੋਣ ‘ਤੇ ਕਾਨੂੰਨੀ ਵਾਰਸਾਂ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੇ ਲਈ ਪੁਲਿਸ ਰਿਪੋਰਟ ਦਰਜ ਕਰਨ ਤੋਂ ਬਾਅਦ ਬਿਨੈ ਪੱਤਰ ਡਿਪਟੀ ਕਮਿਸ਼ਨਰ (ਕਲੇਮ ਸੈਟਲਮੈਂਟ ਅਫ਼ਸਰ) ਦੇ ਦਫ਼ਤਰ ਵਿਚ ਜਮ੍ਹਾ ਕਰਵਾਉਣਾ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕ ਹਾਦਸਿਆਂ ਵਿਚ ਜ਼ਖਮੀਆਂ ਦੀ ਤੁਰੰਤ ਮਦਦ ਲਈ ਹੈਲਪਲਾਈਨ ਨੰਬਰ 112, 100, 108 ਅਤੇ 1033 ‘ਤੇ ਕਾਲ ਕਰਨ, ਤਾਂ ਜੋ ਐਂਬੂਲੈਂਸ, ਸੜਕ ਸੁਰੱਖਿਆ ਬਲ ਜਾਂ ਪੁਲਿਸ ਮੌਕੇ ‘ਤੇ ਜਾ ਕੇ ਪਹਿਲੇ ਘੰਟੇ ਵਿਚ ਹੀ, ਜਿਸ ਨੂੰ ਗੋਲਡਨ ਆਵਰ ਵੀ ਕਿਹਾ ਜਾਂਦਾ ਹੈ, ਵਿਚ ਜ਼ਖਮੀ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਭਰੋਸਾ ਦਿੱਤਾ ਕਿ ਜ਼ਖ਼ਮੀਆਂ ਦੀ ਮਦਦ ਕਰਨ ਵਾਲਿਆਂ ਖ਼ਿਲਾਫ਼ ਕੋਈ ਜਾਂਚ ਜਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਖੇਤਰੀ ਟਰਾਂਸਪੋਰਟ ਅਫ਼ਸਰ ਰਵਿੰਦਰ ਸਿੰਘ ਗਿੱਲ ਅਤੇ ਸਹਾਇਕ ਟਰਾਂਸਪੋਰਟ ਅਫ਼ਸਰ ਸੰਦੀਪ ਭਾਰਤੀ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *