ਕੈਬਨਿਟ ਮੰਤਰੀ ਜਿੰਪਾ ਨੇ ਰੇਲਵੇ ਮੰਡੀ ਸਕੂਲ ਵਿਖੇ ਨਵੀਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ 

0
– ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸਦਕਾ ਸਰਕਾਰੀ ਸਕੂਲਾਂ ਵਿਚ ਦਿੱਤੀਆਂ ਜਾ ਰਹੀਆਂ ਹਨ ਬਿਹਤਰੀਨ ਸਹੂਲਤਾਂ
ਹੁਸ਼ਿਆਰਪੁਰ, 20 ਅਗਸਤ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸਰਕਾਰੀ ਗਰਲਜ਼ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ, ਹੁਸ਼ਿਆਰਪੁਰ ਦੀਆਂ ਵਿਦਿਆਰਥਣਾਂ ਲਈ ਨਵੀਂ ਬੱਸ ਸੇਵਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸਕੂਲ ਤੋਂ ਇਸ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਸੂਬੇ ਭਰ ਦੇ ਸਕੂਲ ਆਫ ਐਮੀਨੈਂਸ ਵਿਚ ਵਿਦਿਆਰਥੀਆਂ ਲਈ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸੇ ਲੜੀ ਵਿਚ ਹੁਸ਼ਿਆਰਪੁਰ ਦੇ ਇਸ ਵੱਕਾਰੀ ਸਕੂਲ ਨੂੰ ਵੀ ਨਵੀਂ ਬੱਸ ਦਾ ਤੋਹਫ਼ਾ ਮਿਲਿਆ ਹੈ। ਇਸ ਦੌਰਾਨ
ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਲਲਿਤਾ ਅਰੋੜਾ ਵੀ ਮੌਜੂਦ ਸਨ।ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਬੱਸ ਸੇਵਾ ਸਕੂਲ ਆਫ ਐਮੀਨੈਂਸ ਖਵਾਸਪੁਰ ਹੀਰਾਂ ਅਤੇ ਸਰਕਾਰੀ ਗਰਲਜ਼ ਸਕੂਲ, ਰੇਲਵੇ ਮੰਡੀ ਲਈ ਸਾਂਝੇ ਤੌਰ ‘ਤੇ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਰੇਲਵੇ ਮੰਡੀ ਸਕੂਲ ਹੁਸ਼ਿਆਰਪੁਰ ਸ਼ਹਿਰ ਦਾ ਇਕੋ-ਇਕ ਸੀਨੀਅਰ ਸੈਕੰਡਰੀ ਸਕੂਲ ਹੈ, ਜਿਥੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਪੜ੍ਹਦੀਆਂ ਹਨ। ਇਸ ਸਕੂਲ ਦੇ ਵਿਦਿਆਰਥਣਾਂ ਨੂੰ ਹੁਣ ਇਸ ਨਵੀਂ ਬੱਸ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਸਕੂਲ ਆਉਣ-ਜਾਣ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਬੱਸ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਵਿਦਿਆਰਥਣਾਂ ਲਈ ਹੈ, ਜਿਨ੍ਹਾਂ ਨੂੰ ਸਕੂਲ ਆਉਣ-ਜਾਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਹ ਪਹਿਲਕਦਮੀ ਵਿਦਿਆਰਥਣਾਂ ਦੀ ਪੜ੍ਹਾਈ ਵਿਚ ਨਿਰੰਤਰਤਾ ਨੂੰ ਯਕੀਨੀ ਬਣਾਏਗੀ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਏਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਸਰਕਾਰੀ ਸਕੂਲਾਂ ਵਿਚ ਉੱਚ ਪੱਧਰੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸਰਕਾਰੀ ਸਕੂਲਾਂ ਵਿਚ ਸਮਾਰਟ ਕਲਾਸ ਰੂਮਾਂ ਰਾਹੀਂ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਕੂਲਾਂ ਵਿਚ ਅਤਿ-ਆਧੁਨਿਕ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸੂਬਾ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਰਕਾਰੀ ਸਕੂਲਾਂ ਵਿਚ ਵਧ ਰਹੀਆਂ ਸਹੂਲਤਾਂ ਅਤੇ ਸਾਧਨਾਂ ਕਾਰਨ ਸਰਕਾਰੀ ਸਕੂਲਾਂ ਦਾ ਮਿਆਰ ਲਗਾਤਾਰ ਉੱਚਾ ਹੋ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਉਦੇਸ਼ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਮੁਕਾਬਲੇ ਦੇ ਦੌਰ ਵਿਚ ਕਾਮਯਾਬ ਹੋ ਸਕਣ। ਪ੍ਰੋਗਰਾਮ ਦੇ ਅੰਤ ਵਿੱਚ ਕੈਬਨਿਟ ਮੰਤਰੀ ਨੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਵੀਂ ਬੱਸ ਸੇਵਾ ਵਿਦਿਆਰਥਣਾਂ ਦੀ ਪੜ੍ਹਾਈ ਵਿਚ ਹੋਰ ਸੁਧਾਰ ਕਰੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ, ਤਾਂ ਜੋ ਸਰਕਾਰੀ ਸਕੂਲਾਂ ਦਾ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਧੀਰਜ ਵਸ਼ਿਸ਼ਟ, ਕੌਂਸਲਰ ਮੋਨਿਕਾ ਕਤਨਾ, ਸਕੂਲ ਆਫ਼ ਐਮੀਨੈਂਸ ਖਵਾਸਪੁਰਹੀਰਾਂ ਦੀ ਪ੍ਰਿੰਸੀਪਲ ਰਮਨਦੀਪ ਕੌਰ, ਰੇਲਵੇ ਮੰਡੀ ਸਕੂਲ ਦੀ ਪ੍ਰਿੰਸੀਪਲ ਰਵਿੰਦਰ ਕੌਰ ਅਤੇ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।

About The Author

Leave a Reply

Your email address will not be published. Required fields are marked *

error: Content is protected !!