ਮੈਰਿਟ ਦੇ ਆਧਾਰ ਉਤੇ ਸਰਕਾਰੀ ਨੌਕਰੀਆਂ ਮਿਲਣ ਕਾਰਨ ਬਾਗ਼ੋ-ਬਾਗ਼ ਹੋਏ ਨੌਜਵਾਨਾਂ ਨੇ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

0

ਚੰਡੀਗੜ੍ਹ, 13 ਅਗਸਤ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਉਤੇ ਦੇਣ ਦੀ ਨੌਜਵਾਨਾਂ ਨੇ ਭਰਵੀਂ ਸ਼ਲਾਘਾ ਕੀਤੀ ਹੈ। ਇੱਥੇ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਕਰਵਾਏ ਸਮਾਰੋਹ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਮਨੀਸ਼ ਸ਼ਰਮਾ ਨਾਮ ਦੇ ਇਕ ਨਵ-ਨਿਯੁਕਤ ਨੌਜਵਾਨ ਨੇ ਦੱਸਿਆ ਕਿ ਉਸ ਨੇ 2021 ਵਿੱਚ ਮਾਸਟਰ ਡਿਗਰੀ ਕੀਤੀ ਅਤੇ ਉਦੋਂ ਤੋਂ ਸਰਕਾਰੀ ਨੌਕਰੀ ਲਈ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਨੌਕਰੀਆਂ ਵੇਚੀਆਂ ਜਾਂਦੀਆਂ ਸਨ ਪਰ ਹੁਣ ਹਾਲਾਤ ਬਿਲਕੁੱਲ ਬਦਲ ਗਏ ਹਨ ਅਤੇ ਹੁਣ ਨੌਜਵਾਨਾਂ ਨੂੰ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਉਤੇ ਮਿਲ ਰਹੀਆਂ ਹਨ। ਉਸ ਨੇ ਦੱਸਿਆ ਕਿ ਇਸ ਨੌਕਰੀ ਨੇ ਉਸ ਦੀ ਕਿਸਮਤ ਬਦਲ ਦਿੱਤੀ ਹੈ ਕਿਉਂਕਿ ਪਹਿਲਾਂ ਉਹ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਸੀ ਪਰ ਹੁਣ ਉਸ ਨੂੰ ਆਪਣੇ ਜਮਾਤੀਆਂ ਸਮੇਤ ਇੱਥੇ ਹੀ ਨੌਕਰੀ ਮਿਲੀ ਹੈ।

ਧੂਰੀ ਨੇੜਲੇ ਪਿੰਡ ਸ਼ੇਰਪੁਰ ਸੋਢੀਆਂ ਦੇ ਇਕ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ 14 ਸਾਲਾਂ ਤੋਂ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਉਸ ਨੇ ਸਰਕਾਰੀ ਨੌਕਰੀ ਦੀ ਝਾਕ ਛੱਡ ਦਿੱਤੀ ਸੀ। ਉਸ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਸਥਿਤੀ ਬਦਲੀ ਹੈ ਅਤੇ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਨੌਕਰੀਆਂ ਮਿਲ ਰਹੀਆਂ ਹਨ।

ਲੁਧਿਆਣਾ ਦੀ ਪ੍ਰਾਈਵੇਟ ਅਧਿਆਪਕਾ ਮਨਿੰਦਰ ਕੌਰ ਨੇ ਕਿਹਾ ਕਿ ਉਸ ਲਈ ਇਹ ਸੁਪਨਾ ਸਾਕਾਰ ਹੋਣ ਬਰਾਬਰ ਹੈ। ਉਸ ਨੇ ਕਿਹਾ ਕਿ ਹੁਣ ਵਿਦੇਸ਼ ਜਾਣ ਦੇ ਰੁਝਾਨਾਂ ਨੂੰ ਮੋੜਾ ਪਿਆ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਨੌਕਰੀਆਂ ਮਿਲਣ ਦੀ ਉਮੀਦ ਵਿੱਚ ਪੰਜਾਬ ਵਾਪਸ ਆ ਰਹੇ ਹਨ। ਉਸ ਨੇ ਕਿਹਾ ਕਿ ਵਿਦੇਸ਼ਾਂ ਤੋਂ ਪਰਤੇ ਸੈਂਕੜੇ ਵਿਦਿਆਰਥੀ ਉਸ ਕੋਲ ਲੁਧਿਆਣਾ ਦੇ ਇਕ ਕੋਚਿੰਗ ਸੈਂਟਰ ਵਿੱਚ ਕੋਚਿੰਗ ਲੈ ਰਹੇ ਹਨ।

ਇਕ ਨਵ-ਨਿਯੁਕਤ ਲੜਕੀ ਕੋਮਲ ਸਾਗਰ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਇਸ ਲਈ ਉਸ ਨੇ ਮੁਕਾਬਲੇ ਦੀਆਂ ਕਈ ਪ੍ਰੀਖਿਆਵਾਂ ਵੀ ਦਿੱਤੀਆਂ। ਉਸ ਨੇ ਕਿਹਾ ਕਿ ਬਦਕਿਸਮਤੀ ਨਾਲ ਪਿਛਲੀਆਂ ਸਰਕਾਰ ਨੇ ਪ੍ਰੀਖਿਆ ਪਾਸ ਕਰਨ ਦੇ ਬਾਵਜੂਦ ਨੌਜਵਾਨਾਂ ਨੂੰ ਨਿਰਾਸ਼ ਕੀਤਾ। ਉਸ ਨੇ ਕਿਹਾ ਕਿ ਹੁਣ ਹਾਲਾਤ ਵਿੱਚ ਸਿਫ਼ਤੀ ਤਬਦੀਲੀ ਆਈ ਹੈ ਅਤੇ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਮਿਲ ਰਹੀਆਂ ਹਨ।

ਪੰਜਾਬ ਸਰਕਾਰ ਵਿੱਚ ਨਵੇਂ ਨਿਯੁਕਤ ਹੋਏ ਕੌਮਾਂਤਰੀ ਪਹਿਲਵਾਨ ਰਣਧੀਰ ਸਿੰਘ ਨੇ ਦੱਸਿਆ ਕਿ ਉਹ 2008 ਵਿੱਚ ਪੰਜਾਬ ਪੁਲਿਸ ਵਿੱਚ ਚੁਣਿਆ ਗਿਆ ਸੀ ਪਰ 2012 ਵਿੱਚ ਉਸ ਨੂੰ ਕੱਢ ਦਿੱਤਾ ਗਿਆ, ਜਿਸ ਮਗਰੋਂ ਅਮਰੀਕਾ ਤੇ ਕੈਨੇਡਾ ਜਾਣਾ ਪਿਆ। ਉਸ ਨੇ ਦੱਸਿਆ ਕਿ ਉਹ ਇਸ ਸਮੇਂ ਕੁਸ਼ਤੀ ਅਕੈਡਮੀ ਚਲਾ ਰਿਹਾ ਹੈ ਅਤੇ ਉਸ ਨੇ ਬਿਨਾਂ ਸਿਫ਼ਾਰਸ਼ ਜਾਂ ਰਿਸ਼ਵਤ ਤੋਂ ਪਟਵਾਰੀ ਦੀ ਨੌਕਰੀ ਮਿਲੀ ਹੈ। ਉਸ ਨੇ ਕਿਹਾ ਕਿ ਇਹ ਇਕ ਨਵੀਂ ਕ੍ਰਾਂਤੀ ਹੈ, ਜਿਸ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਂਦਾ ਹੈ।

ਵਿਦੇਸ਼ ਜਾਣ ਦੇ ਚਾਹਵਾਨ ਹਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਨੌਕਰੀਆਂ ਦੇਣ ਪ੍ਰਤੀ ਉਦਾਸੀਨ ਰਵੱਈਏ ਕਾਰਨ ਉਸ ਨੇ ਆਈਲਟਸ ਕਰ ਕੇ ਬਾਹਰ ਜਾਣ ਦਾ ਮਨ ਬਣਾਇਆ ਸੀ। ਉਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਬਣਨ ਮਗਰੋਂ ਉਸ ਨੂੰ ਉਮੀਦ ਦੀ ਕਿਰਨ ਦਿਸੀ ਅਤੇ ਉਸ ਨੇ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਸਰਕਾਰੀ ਨੌਕਰੀ ਲਈ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ। ਉਸ ਨੇ ਦੱਸਿਆ ਕਿ ਪ੍ਰੀਖਿਆ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਹੋਈ ਅਤੇ ਉਸ ਦੀ ਸਰਕਾਰੀ ਨੌਕਰੀ ਲਈ ਚੋਣ ਹੋ ਗਈ।
ਸਰਕਾਰੀ ਨੌਕਰੀ ਹਾਸਲ ਕਰਨ ਵਾਲੇ ਇਕ ਨੌਜਵਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੇ 18 ਸਾਲ ਭਾਰਤੀ ਫੌਜ ਵਿੱਚ ਸੇਵਾ ਕੀਤੀ ਸੀ। ਉਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਵੱਲ ਤਵੱਜੋ ਨਹੀਂ ਦਿੱਤੀ, ਜਿਸ ਕਾਰਨ ਉਨ੍ਹਾਂ ਦਾ ਦਿਲ ਟੁੱਟ ਗਿਆ। ਉਸ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮੈਰਿਟ ਦੇ ਆਧਾਰ ਉਤੇ ਸਰਕਾਰੀ ਨੌਕਰੀਆਂ ਦੇ ਕੇ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ, ਜਿਹੜਾ ਉਤਸ਼ਾਹ ਵਧਾਊ ਹੈ।

About The Author

Leave a Reply

Your email address will not be published. Required fields are marked *

You may have missed