ਆਪਣੀਆਂ ਸੇਵਾਵਾਂ ਦਾ ਦਾਇਰਾ ਵਧਾਉਣ ਸਮਾਜਿਕ ਸੰਸਥਾਵਾਂ : ਨਿਧੀ ਤਲਵਾਰ
– ਮਝਾਂਲ ਕਲਾਂ ਸਕੂਲ ’ਚ ਵਿਸ਼ਵ ਯੁਵਾ ਦਿਵਸ ਮੌਕੇ ਪ੍ਰੋਗਰਾਮ ਦਾ ਆਯੋਜਨ
– ਸਕੂਲ ਦੇ ਸਾਰੇ ਬੱਚਿਆਂ ਨੂੰ ਵੰਡੀਆਂ ਜੁਰਾਬਾਂ
ਪਟਿਆਲਾ, 13 ਅਗਸਤ 2024 : ਸਮਾਜ ਸੇਵੀ ਸੰਸਥਾਵਾਂ ਨੂੰ ਆਪਣੀਆਂ ਸੇਵਾਵਾਂ ਦਾ ਦਾਇਰਾ ਹੋਰ ਵਿਸ਼ਾਲ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਬੱਚੇ ਇਸ ਦਾ ਲਾਭ ਉਠਾ ਸਕਣ। ਬਿਹਤਰ ਸਿੱਖਿਆ ਅਤੇ ਸਿਹਤ ’ਤੇ ਹਰ ਕਿਸੇ ਦਾ ਮੁੱਢਲਾ ਅਧਿਕਾਰ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਸਰਕਾਰੀ ਸਮਾਰਟ ਹਾਈ ਸਕੂਲ ਮਝਾਂਲ ਕਲਾਂ ਦੀ ਪ੍ਰਿੰਸੀਪਲ ਨਿਧੀ ਤਲਵਾਰ ਨੇ ਪ੍ਰਯੋਗ ਫਾਊਂਡੇਸ਼ਨ ਵੱਲੋਂ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਸ਼ਵ ਯੁਵਾ ਦਿਵਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਮਾਜਿਕ ਸੰਸਥਾ ਪ੍ਰਯੋਗ ਫਾਊਂਡੇਸ਼ਨ ਵੱਲੋਂ ਆਉਣ ਵਾਲੇ ਸੀਜ਼ਨ ਦੇ ਮੱਦੇਨਜ਼ਰ ਸਾਰੇ ਸਕੂਲੀ ਬੱਚਿਆਂ ਨੂੰ ਜੁਰਾਬਾਂ ਅਤੇ ਸਕੂਲ ਪ੍ਰਬੰਧਕਾਂ ਨੂੰ ਤਿੰਨ ਨੋਟਿਸ ਬੋਰਡ ਪ੍ਰਦਾਨ ਕੀਤੇ ਗਏ। ਨਿਧੀ ਤਲਵਾਰ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਵੱਲੋਂ ਇੱਥੇ ਬੱਚਿਆਂ ਨੂੰ ਪੜ੍ਹਾਈ ਲਈ ਸਮੱਗਰੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਨਿਧੀ ਤਲਵਾਰ ਨੇ ਕਿਹਾ ਕਿ ਜੇਕਰ ਨੌਜਵਾਨ ਮਜ਼ਬੂਤ ਹੋਵੇਗਾ ਤਾਂ ਹੀ ਮਜ਼ਬੂਤ ਸਮਾਜ ਦਾ ਨਿਰਮਾਣ ਹੋਵੇਗਾ।
ਸਾਨੂੰ ਸਾਰਿਆਂ ਨੂੰ ਆਪਸੀ ਭੇਦਭਾਵ ਤੋਂ ਉੱਪਰ ਉੱਠ ਕੇ ਬੱਚਿਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਪ੍ਰਯੋਗ ਫਾਊਂਡੇਸ਼ਨ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਸਕੂਲੀ ਬੱਚਿਆਂ ਨੂੰ ਨਸ਼ਾ ਮੁਕਤ ਸਮਾਜ ਦੀ ਉਸਾਰੀ ਲਈ ਆਪਣੀ ਭੂਮਿਕਾ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਿਸ਼ਵ ਯੁਵਾ ਦਿਵਸ ਮੌਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਨੌਜਵਾਨ ਆਪਣੀ ਊਰਜਾ ਨੂੰ ਸਮਾਜ ਦੇ ਹਿੱਤ ਵਿੱਚ ਉਸਾਰੂ ਕੰਮਾਂ ਲਈ ਵਰਤਣਗੇ। ਇਸ ਮੌਕੇ ਮਹਿਲਾ ਉੱਦਮੀ ਅਤੇ ਸਮਾਜ ਸੇਵੀ ਸ਼ਿਵਾਂਗੀ ਬਾਂਸਲ ਤੋਂ ਇਲਾਵਾ ਸਕੂਲ ਦੇ ਵਾਈਸ ਪ੍ਰਿੰਸੀਪਲ ਰਾਜੀਵ ਗੁਪਤਾ, ਬਲਰਾਜ ਕੌਸ਼ਿਕ, ਵਿਕਾਸ ਸ਼ਰਮਾ, ਅਨੁਰਾਧਾ ਅਤੇ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।